ਗੋਰਖਪੁਰ/ਲਖਨਊ/ਰਾਮਪੁਰ, 17 ਅਕਤੂਬਰ: ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੰਗੀਤ ਸੋਮ ਦੇ ਤਾਜ ਮਹਿਲ ਬਾਰੇ ਦਿਤੇ ਵਿਵਾਦਮਈ ਬਿਆਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਇਹ ਅਰਥ ਨਹੀਂ ਰਖਦਾ ਕਿ ਤਾਜ ਮਹਿਲ ਨੂੰ ਕਿਸ ਨੇ ਅਤੇ ਕਿਉਂ ਬਣਾਇਆ। ਇਕ ਹੀ ਗੱਲ ਅਰਥ ਰਖਦੀ ਹੈ ਕਿ ਤਾਜ ਮਹਿਲ ਭਾਰਤ ਮਾਤਾ ਦੇ ਸਪੂਤਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ ਬਣਿਆ ਹੈ ਅਤੇ ਇਸ ਦੀ ਸੁਰੱਖਿਆ ਦਾ ਜ਼ਿੰਮਾ ਉੱਤਰ ਪ੍ਰਦੇਸ਼ ਸਰਕਾਰ ਦਾ ਹੈ।ਯੋਗੀ 26 ਅਕਤੂਬਰ ਨੂੰ ਤਾਜ ਨਗਰੀ ਆਗਰਾ ਜਾਣਗੇ ਅਤੇ ਇਥੇ ਸੈਰ-ਸਪਾਟੇ ਬਾਰੇ 370 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ। ਉਨ੍ਹਾਂ ਕਿਹਾ, ''ਇਹ ਇਤਿਹਾਸਕ ਧਰੋਹਰ ਪੂਰੀ ਦੁਨੀਆਂ 'ਚ ਅਪਣੀ ਇਮਾਰਤਸਾਜ਼ੀ ਲਈ ਮਸ਼ਹੂਰ ਹੈ ਅਤੇ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਖ਼ਾਸ ਤੌਰ 'ਤੇ ਸੈਰ-ਸਪਾਟੇ ਦੀ ਨਜ਼ਰ ਨਾਲ ਸਾਡੀ ਪਹਿਲ 'ਚ ਹੈ।''ਭਾਜਪਾ ਆਗੂ ਸੰਗੀਤ ਸੋਮ ਦੇ ਤਾਜ ਮਹਿਲ ਬਾਰੇ ਦਿਤੇ ਵਿਵਾਦਮਈ ਬਿਆਨ ਮਗਰੋਂ ਮੁੱਖ ਮੰਤਰੀ ਯੋਗੀ ਦੀ ਇਹ ਟਿਪਣੀ ਆਈ ਹੈ। ਉਧਰ ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਆਜ਼ਮ ਖ਼ਾਨ ਨੇ ਕਿਹਾ ਕਿ ਰਾਸ਼ਟਰਪਤੀ ਭਵਨ, ਸੰਸਦ ਭਵਨ ਅਤੇ ਲਾਲ ਕਿਲ੍ਹਾ ਵਰਗੇ ਸਮਾਰਕਾਂ ਨੂੰ ਤੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਵੀ ਤਾਜ ਮਹਿਲ ਵਾਂਗ ਗ਼ੁਲਾਮੀ ਦਾ ਪ੍ਰਤੀਕ ਹਨ।ਸਮਾਜਵਾਦੀ ਪਾਰਟੀ ਦੇ ਵਿਧਾਇਕ ਦੀ ਟਿਪਣੀ ਭਾਜਪਾ ਵਿਧਾਇਕ ਸੰਗੀਤ ਸੋਮ ਦੇ ਭਾਰਤ ਦੀ ਵਿਰਾਸਤ 'ਚ ਤਾਜ ਮਹਿਲ ਦੇ ਸਥਾਨ 'ਤੇ ਸਵਾਲ ਚੁੱਕਣ ਦੇ ਜਵਾਬ 'ਚ ਆਈ ਹੈ। ਸੋਮ ਨੇ ਕਿਹਾ ਸੀ ਕਿ ਇਤਿਹਾਸ 'ਚ ਮੁਗਲ ਸ਼ਾਸਕਾਂ ਦਾ ਨਾਂ ਹਟਾਉਣ ਲਈ ਇਸ ਨੂੰ ਮੁੜ ਤੋਂ ਲਿਖਿਆ ਜਾਵੇਗਾ।
ਆਜ਼ਮ ਖ਼ਾਨ ਨੇ ਮੀਡੀਆ ਨੂੰ ਕਿਹਾ, ''ਮੇਰਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਗ਼ੁਲਾਮੀ ਦੇ ਪ੍ਰਤੀਕਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਕਿਉਂ ਸਿਰਫ਼ ਤਾਜ ਮਹਿਲ ਨੂੰ? ਕਿਉਂ ਨਾ ਸੰਸਦ, ਰਾਸ਼ਟਰਪਤੀ ਭਵਨ, ਕੁਤੁਬ ਮੀਨਾਰ ਅਤੇ ਲਾਲ ਕਿਲ੍ਹੇ ਨੂੰ ਵੀ ਹਟਾਇਆ ਜਾਵੇ। ਇਹ ਸਾਰੇ ਗ਼ੁਲਾਮੀ ਦੇ ਪ੍ਰਤੀਕ ਹਨ।''ਉਨ੍ਹਾਂ ਅਪਣੀਆਂ ਗੱਲਾਂ ਉਤੇ ਅਮਲ ਨਾ ਕਰਨ ਲਈ ਭਾਜਪਾ ਆਗੂਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਭਾਜਪਾ ਅਤੇ ਸੰਗੀਤ ਸੋਮ ਤਾਜ ਮਹਿਲ ਨੂੰ ਭਾਰਤ ਦੀ ਧਰੋਹਰ ਮੰਨਣ ਨੂੰ ਤਿਆਰ ਨਹੀਂ ਹਨ ਤਾਂ ਭਾਜਪਾ ਵਿਧਾਇਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਇਸ ਸਮਾਰਕ ਨੂੰ ਢਾਹੁਣ ਲਈ ਅੱਗੇ ਆਉਣਾ ਚਾਹੀਦਾ ਹੈ।ਸੂਬੇ ਦੇ ਰਾਜਪਾਲ ਰਾਮ ਨਾਇਕ ਨੇ ਕਿਹਾ ਕਿ ਤਾਜ ਦੁਨੀਆਂ ਦੇ ਸੱਤ ਅਜੂਬਿਆਂ 'ਚੋਂ ਇਕ ਹੈ ਅਤੇ ਸਾਡੇ ਦੇਸ਼ ਦੀ ਸ਼ਾਨ ਹੈ, ਇਸ ਲਈ ਇਸ ਨੂੰ ਵਿਵਾਦਾਂ 'ਚ ਨਾ ਲਿਆਉ ਅਤੇ ਇਸ ਨੂੰ ਲੈ ਕੇ ਸਿਆਸਤ ਨਾ ਕਰੋ। ਉਹ ਕਾਨਪੁਰ ਸਥਿਤ ਛੱਤਰਪਤੀ ਸ਼ਾਹੂਜੀ ਮਹਾਰਾਜ ਯੂਨੀਵਰਸਟੀ ਦੌਰਾਨ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਲ ਭਾਜਪਾ ਵਿਧਾਇਕ ਸੰਗੀਤ ਸੋਮ ਨੇ 17ਵੀਂ ਸਦੀ 'ਚ ਬਣੇ ਤਾਜ ਮਹਿਲ ਬਾਰੇ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਸੀ ਕਿ ਇਤਿਹਾਸ ਮੁੜ ਲਿਖਿਆ ਜਾਵੇਗਾ ਅਤੇ ਮੁਗ਼ਲ ਬਾਦਸ਼ਾਹਾਂ ਦਾ ਨਾਂ ਹਟਾ ਦਿਤਾ ਜਾਵੇਗਾ। ਸੋਮ ਦੇ ਮੇਰਠ 'ਚ ਦਿਤੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਏ.ਆਈ.ਐਮ.ਆਈ.ਐਮ. ਮੁਖੀ ਅਸਾਸੂਦੀਨ ਓਵੈਸੀ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਸੈਲਾਨੀਆਂ ਨੂੰ ਇਹ ਕਹੇਗੀ ਕਿ ਉਹ ਤਾਜ ਮਹਿਲ ਵੇਖਣ ਨਾ ਆਉਣ?ਸੰਗੀਤ ਸੋਮ ਦਾ ਬਿਆਨ ਉਦੋਂ ਆਇਆ ਜਦੋਂ ਕਿਹਾ ਜਾ ਰਿਹਾ ਸੀ ਕਿ ਯੋਗੀ ਸਰਕਾਰ ਨੇ ਸੈਰ-ਸਪਾਟਾ ਵਿਭਾਗ ਦੇ ਕਿਤਾਬਚੇ 'ਚ ਕਥਿਤ ਤੌਰ 'ਤੇ ਤਾਜ ਮਹਿਲ ਦਾ ਨਾਂ ਸੈਰ-ਸਪਾਟੇ ਵਾਲੇ ਖੇਤਰਾਂ ਦੀ ਸੂਚੀ 'ਚੋਂ ਹਟਾ ਦਿਤਾ ਹੈ। (ਪੀਟੀਆਈ)