ਭਾਰਤ ਨੇ ਹਮੇਸ਼ਾ ਸ਼ਾਂਤੀ ਦਾ ਸੁਨੇਹਾ ਦਿਤਾ: ਮੋਦੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 29 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਹਮੇਸ਼ਾ ਸ਼ਾਂਤੀ, ਏਕਤਾ ਅਤੇ ਭਾਈਚਾਰੇ ਦਾ ਸੁਨੇਹਾ ਦਿਤਾ ਹੈ ਅਤੇ ਸਾਡੀਆਂ ਹਥਿਆਰਬੰਦ ਫ਼ੌਜਾਂ ਦੁਨੀਆਂ ਭਰ ਵਿਚ ਸਾਂਝੇ ਰਾਸ਼ਟਰ ਮਿਸ਼ਨਾਂ ਰਾਹੀਂ ਇਸ ਦਿਸ਼ਾ ਵਿਚ ਯੋਗਦਾਨ ਦਿੰਦੀਆਂ ਰਹੀਆਂ ਹਨ।

ਅਪਣੇ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੇਲੇ 7000 ਭਾਰਤੀ ਸੁਰੱਖਿਆ ਜਵਾਨ ਸ਼ਾਂਤੀ ਮਿਸ਼ਨਾਂ ਵਿਚ ਤੈਨਾਤ ਹਨ ਅਤੇ ਇਹ ਸ਼ਾਂਤੀ ਮਿਸ਼ਨਾਂ ਵਿਚ ਤੀਜਾ ਸੱਭ ਤੋਂ ਵੱਡਾ ਯੋਗਦਾਨ ਹੈ। ਮੋਦੀ ਨੇ ਸੁਰੱਖਿਆ ਬਲਾਂ ਨਾਲ ਕਸ਼ਮੀਰ ਵਿਚ ਮਨਾਈ ਦੀਵਾਲੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਜਵਾਨ ਨਾ ਸਿਰਫ਼ ਸਾਡੀਆਂ ਸਰਹੱਦਾਂ ਉਤੇ, ਸਗੋਂ ਦੁਨੀਆਂ ਭਰ ਵਿਚ ਸ਼ਾਂਤੀ ਕਾਇਮ ਕਰਨ ਵਿਚ ਅਹਿਮ ਰੋਲ ਨਿਭਾ ਰਹੇ ਹਨ।

ਮੋਦੀ ਨੇ ਕਿਹਾ ਕਿ ਹੁਣ ਤਕ 18 ਹਜ਼ਾਰ ਤੋਂ ਵੱਧ ਭਾਰਤੀ ਸੁਰੱਖਿਆ ਬਲਾਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰਾਖੀ ਮਿਸ਼ਨਾਂ ਵਿਚ ਅਪਣੀਆਂ ਸੇਵਾਵਾਂ ਦਿਤੀਆਂ ਹਨ। ਭਾਰਤ ਲਗਭਗ 85 ਸ਼ਾਂਤੀਰਖਿਅਕਾਂ ਨੂੰ ਸਿਖਲਾਈ ਦੇਣ ਦਾ ਵੀ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗੋ ਅਤੇ ਦਖਣੀ ਸੂਡਾਨ ਵਿਚ ਭਾਰਤੀ ਫ਼ੌਜ ਦੇ ਹਸਪਤਾਲ ਵਿਚ 20 ਹਜ਼ਾਰ ਤੋਂ ਵੱਧ ਰੋਗੀਆਂ ਦਾ ਇਲਾਜ ਕੀਤਾ ਗਿਆ ਹੈ ਅਤੇ ਅਣਗਿਣਤ ਲੋਕਾਂ ਨੂੰ ਬਚਾਇਆ ਗਿਆ ਹੈ।

ਮੋਦੀ ਨੇ ਕਿਹਾ ਕਿ ਭਾਰਤ ਨੇ ਔਰਤ ਦੀ ਆਜ਼ਾਦੀ 'ਤੇ ਹਮੇਸ਼ਾ ਜ਼ੋਰ ਦਿਤਾ ਅਤੇ ਸੰਯੁਕਤ ਰਾਸ਼ਟਰ ਡਿਕਲੇਰੇਸ਼ਨ ਆਫ਼ ਹਿਊਮਨ ਰਾਈਟਸ ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ। ਮੋਦੀ ਨੇ ਕਿਹਾ ਕਿ ਦੁਨੀਆਂ ਸਿਰਫ਼ ਉਗਦੇ ਸੂਰਜ ਨੂੰ ਨਮਸਕਾਰ ਕਰਦੀ ਹੈ ਪਰ ਸ਼ਰਧਾ ਦੇ ਉਤਸਵ ਛੱਠ ਵਿਚ ਉਨ੍ਹਾਂ ਨੂੰ ਵੀ ਪੂਜਾ ਕਰਨ ਦਾ ਸੰਦੇਸ਼ ਦਿਤਾ ਜਾਂਦਾ ਹੈ ਜਿਨ੍ਹਾਂ ਦਾ ਡੁੱਬਣਾ ਨਿਸ਼ਚਿਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਆਧੁਨਿਕ ਆਧੁਨਿਕ ਅਖੰਡ ਭਾਰਤ ਦੀ ਨੀਂਹ ਰੱਖੀ। ਪਟੇਲ ਨੇ ਕਿਹਾ ਸੀ ਕਿ ਜਾਤ ਅਤੇ ਪੰਥ ਦਾ ਕੋਈ ਭੇਦ ਸਾਨੂੰ ਰੋਕ ਨਾ ਸਕੇ, ਅਸੀਂ ਸਾਰੇ ਭਾਰਤ ਦੇ ਬੇਟੇ ਬੇਟੀਆਂ ਹਾਂ, ਸਾਨੂੰ ਸਾਰਿਆਂ ਨੂੰ ਆਪਸ ਵਿਚ ਪਿਆਰ ਕਰਨਾ ਚਾਹੀਦਾ ਹੈ। (ਏਜੰਸੀ)