ਭਾਰਤ-ਪਾਕਿ 'ਚ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਤੋਂ ਸੰਯੁਕਤ ਰਾਸ਼ਟਰ ਦੁਖੀ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ, 2 ਫ਼ਰਵਰੀ: ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਨੇ ਭਾਰਤ ਤੇ ਪਾਕਿਸਤਾਨ ਵਿਚ ਹਾਲ ਹੀ 'ਚ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਵਾਪਰੀਆਂ ਘਟਨਾਵਾਂ ਨੂੰ ਦਿਲ ਦੁਖਾਊ ਕਰਾਰ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਔਰਤਾਂ ਨੂੰ ਮਜ਼ਬੂਤ ਅਤੇ ਸਿਖਿਅਤ ਕਰ ਕੇ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਜ਼ਿਕਰਯੋਗ ਹੈ ਕਿ ਭਾਰਤ ਵਿਚ ਹਾਲ ਹੀ 'ਚ ਦਿੱਲੀ ਵਿਚ 28 ਸਾਲਾ ਇਕ ਵਿਅਕਤੀ ਵਲੋਂ ਅਪਣੀ ਅੱਠ ਮਹੀਨੇ ਦੀ ਰਿਸ਼ਤੇਦਾਰ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸਾਰੇ ਦੇਸ਼ ਵਿਚ ਰੋਸ ਦੀ ਲਹਿਰ ਦੌਰ ਗਈ ਸੀ ਜਦਕਿ ਪਿਛਲੇ ਮਹੀਨੇ ਪਾਕਿਸਤਾਨ ਵਿਚ ਸਿਲਸਿਲੇਵਾਰ ਕਾਤਲ ਨੇ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ ਵਿਚ ਰੋਸ ਪ੍ਰਦਰਸ਼ਨ ਹੋਏ ਸਨ।