ਭਾਰਤ ਪਾਕਿ ਸਰਹਦ ਤੋਂ 55 ਕਿਲੋਗਾਮ ਹੈਰੋਇਨ ਸਮੇਤ ਦੋ ਰਿਵਾਲਵਰ ਬਰਾਮਦ

ਖ਼ਬਰਾਂ, ਰਾਸ਼ਟਰੀ

ਗੁਰਦਾਸਪੁਰ, 7 ਦਸੰਬਰ (ਹੇਮੰਤ ਨੰਦਾ) : ਸੀਮਾ ਸੁਰੱਖਿਆ ਬਲ ਦੀ 112 ਬਟਾਲੀਅਨ ਦੇ ਦੋ ਨੌਜਵਾਨਾਂ ਨੇ ਬੀਤੀ ਰਾਤ ਰੋਸਾ ਬੀ. ਓ. ਪੀ ਦੇ ਸਾਹਮਣੇ ਪਾਕਿਸਤਾਨ ਤੋਂ ਲੈ ਕੇ ਆ ਰਹੇ ਤਿੰਨ ਤਸਕਰਾਂ ਨੂੰ ਵਾਪਸ ਭੱਜਣ ਦੇ ਲਈ ਮਜ਼ਬੂਰ ਕੀਤਾ ਅਤੇ 55 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਰਿਵਾਲਵਰ ਬਰਾਮਦ ਕੀਤੇ, ਉਨ੍ਹਾਂ ਨੂੰ ਅੱਜ ਸੀਮਾ ਸੁਰੱਖਿਆ ਬਲ ਦੇ ਆਈ. ਜੀ ਮੁਕਲ ਗੋਇਲ ਨੇ 10 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਅਤੇ ਸੀਮਾ ਸੁਰੱਖਿਆ ਬਲ ਦੇ ਮਹਾਨਿਦੇਸ਼ਕ ਨੂੰ ਇਨ੍ਹਾਂ ਦੋਵਾਂ ਜਵਾਨਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਸਿਫਾਰਿਸ਼ ਕਰਨ ਦਾ ਐਲਾਨ ਕੀਤਾ। ਗੁਰਦਾਸਪੁਰ ਸਥਿਤ ਸੈਕਟਰ ਹੈਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਮਾ ਸੁਰੱਖਿਆ ਬਲ ਦੇ ਆਈ. ਜੀ. ਮੁਕਲ ਗੋਇਲ ਨੇ ਦਸਿਆ ਕਿ ਬੀਤੀ ਰਾਤ ਸੀਮਾ ਸੁਰੱਖਿਆ ਬਲ ਦੇ ਜਵਾਨ ਹਰੀਸ ਕੁਮਾਰ ਅਤੇ ਡੀ. ਲੋਕੇਂਦਰ ਸਿੰਘ ਨੇ ਰੋਸਾ ਬੀ. ਓ. ਪੀ ਦੇ ਸਾਹਮਣੇ ਪਾਕਿਸਤਾਨ ਵਲੋਂ ਕੁਝ ਲੋਕਾਂ ਨੂੰ ਭਾਰਤੀ ਸੀਮਾ 'ਚ ਪ੍ਰਵੇਸ਼ ਕਰਦੇ ਹੋਏ ਨੋਟਿਸ ਕੀਤਾ। ਜਦ ਇਹ ਲੋਕ ਨਜ਼ਦੀਕ ਆਏ ਤਾਂ ਤਿੰਨ ਤਸਕਰਾਂ ਨੂੰ ਇਕ ਪਲਾਸਟਿਕ ਪਾਈਪ ਦੇ ਨਾਲ ਆਉਂਦੇ ਵੇਖ ਕੇ ਉਨ੍ਹਾਂ ਦੋਵਾਂ ਜਵਾਨਾਂ ਨੇ ਲਲਕਾਰਿਆ ਤੇ ਫਾਇਰਿੰਗ ਸ਼ੁਰੂ ਕਰ ਦਿਤੀ। ਲਗਭਗ 20 ਰਾਊਂਡ ਫ਼ਾਇਰ ਕੀਤੇ ਗਏ ਅਤੇ ਤਸੱਕਰ ਪਾਈਪ ਆਦਿ ਉਥੇ ਛੱਡ ਕੇ ਵਾਪਸ ਪਾਕਿਸਤਾਨ ਦੀ ਵੱਲ ਹਨੇਰੇ ਦਾ ਲਾਭ ਉਠਾ ਕੇ ਭੱਜਣ 'ਚ ਸਫ਼ਲ ਹੋ ਗਏ। ਉਨ੍ਹਾਂ ਦਸਿਆ ਕਿ ਰੋਸਾ ਬੀ. ਓ. ਪੀ ਤੇ ਅੰਤਰਰਾਸ਼ਟਰੀ ਸੀਮਾ ਮਾਤਰ 300 ਫੁੱਟ ਦੀ ਦੂਰੀ ਤੇ ਹੈ। ਆਈ. ਜੀ. ਗੋਇਲ ਨੇ ਦਸਿਆ ਕਿ ਗੁਰਦਾਸਪੁਰ ਸੈਕਟਰ 'ਚ ਅੱਜ ਤੱਕ ਇਹ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ ਗਈ ਹੈ। ਡੀ. ਆਈ. ਜੀ ਆਰ. ਐੱਸ. ਕਟਾਰੀਆ (ਪੀ.ਆਰ.ਓ) ਡੀ. ਆਈ. ਜੀ ਗੁਰਦਾਸਪੁਰ ਸੈਕਟਰ ਰਮੇਸ ਸ਼ਰਮਾ ਸਮੇਤ ਗੁਪਤਚਰ ਵਿੰਗ ਦੇ ਗੁਰਦਾਸਪੁਰ ਦੇ ਇੰਚਾਰਜ਼ ਪਰਮਜੀਤ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।