ਭਾਰਤ ਸੰਭਾਵੀ ਮਾਨਸਿਕ ਸਿਹਤ ਮਹਾਂਮਾਰੀ ਦੇ ਕੰਢੇ ਖੜਾ ਹੈ : ਰਾਸ਼ਟਰਪਤੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 2 ਨਵੰਬਰ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਸੰਭਾਵੀ ਮਾਨਸਿਕ ਸਿਹਤ ਮਹਾਂਮਾਰੀ ਦੇ ਕੰਢੇ ਖੜਾ ਹੈ ਅਤੇ ਮਾਨਸਿਕ ਬੀਮਾਰੀ ਤੋਂ ਪ੍ਰਭਾਵਤ 90 ਫ਼ੀ ਸਦੀ ਮਰੀਜ਼ ਇਲਾਜ ਸਹੂਲਤ ਤੋਂ ਵਾਂਝੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰੀਪੋਰਟ ਮੁਤਾਬਕ ਦੁਨੀਆਂ ਭਰ ਵਿਚ ਮਾਨਸਿਕ ਬੀਮਾਰੀ ਤੋਂ ਪ੍ਰਭਾਵਤ ਲੋਕਾਂ ਵਿਚ ਭਾਰਤੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਸਾਡੇ ਰਾਸ਼ਟਰੀ ਮਾਨਸਿਕ ਸਿਹਤ ਸਰਵੇ 2016 ਵਿਚ ਇਹ ਵੇਖਿਆ ਗਿਆ ਹੈ ਕਿ ਭਾਰਤ ਦੀ ਆਬਾਦੀ ਦੇ ਕਰੀਬ 14 ਫ਼ੀ ਸਦੀ ਲੋਕਾਂ ਨੂੰ ਸਰਗਰਮ ਮਾਨਸਿਕ ਸਿਹਤ ਦਖ਼ਲ ਦੀ ਲੋੜ ਹੈ। ਕਰੀਬ ਦੋ ਫ਼ੀ ਸਦੀ ਲੋਕ ਗੰਭੀਰ ਮਾਨਸਿਕ ਵਿਕਾਰ ਤੋਂ ਗ੍ਰਸਤ ਹਨ। ਕਰੀਬ ਦੋ ਲੱਖ ਲੋਕ ਆਤਮਹਤਿਆ ਜਿਹਾ ਕਦਮ ਚੁਕਦੇ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਚਿੰਤਾਜਨਕ ਹਨ। ਇਹ ਵੀ ਤੱਥ ਹੈ ਕਿ ਮੈਟਰੋਪਾਲਿਟਨ ਸ਼ਹਿਰਾਂ ਵਿਚ ਰਹਿਣ ਵਾਲੇ ਅਤੇ ਇਸ ਵਿਚ ਵੀ ਨੌਜਵਾਨ ਅਤੇ ਬੱਚਿਆਂ ਨੂੰ ਮਾਨਸਿਕ ਬੀਮਾਰੀ ਦੇ ਸੱਭ ਤੋਂ ਜ਼ਿਆਦਾ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿਚ ਇਹ ਸਥਿਤੀ ਸਾਡੇ ਲਈ ਚਿੰਤਾਜਨਕ ਹੈ। 

ਕੋਵਿੰਦ ਨੇ ਕਿਹਾ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਚੰਗੀ ਖ਼ਾਸੀ ਗਿਣਤੀ ਹੈ। ਦੇਸ਼ ਦੀ ਕਰੀਬ 65 ਫ਼ੀ ਸਦੀ ਆਬਾਦੀ 35 ਸਾਲ ਦੀ ਉਮਰ ਤੋਂ ਘੱਟ ਦੀ ਹੈ। ਸਾਡਾ ਸਮਾਜ ਤੇਜ਼ੀ ਨਾਲ ਸ਼ਹਿਰੀਕਰਨ ਵਲ ਵਧ ਰਿਹਾ ਹੈ। ਇਹ ਸਥਿਤੀ ਸੰਭਾਵੀ ਮਾਨਸਿਕ ਸਿਹਤ ਮਹਾਂਮਾਰੀ ਦਾ ਸੰਕੇਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਦੇ ਬਾਵਜੂਦ ਇਹ ਵਿਡੰਬਨਾ ਹੈ ਕਿ 90 ਫ਼ੀ ਸਦੀ ਲੋੜਵੰਦ ਭਾਰਤੀਆਂ ਨੂੰ ਮਾਨਸਿਕ ਸਿਹਤ ਸੇਵਾ ਹੀਂ ਮਿਲ ਰਹੀ। ਰਾਸ਼ਟਰਪਤੀ ਨੇ ਕਿਹਾ ਕਿ ਇਕ ਸਮਾਜ ਦੇ ਰੂਪ ਵਿਚ ਅਸੀਂ ਇਸ ਸਭਿਆਚਾਰਕ ਧੱਬੇ ਨਾਲ ਲੜਨਾ ਹੈ।  (ਏਜੰਸੀ)