ਭਾਰਤੀ ਫ਼ੌਜ ਨੇ ਲਿਆ ਬਦਲਾ - ਸੱਤ ਪਾਕਿ ਫ਼ੌਜੀ ਮਾਰ-ਮੁਕਾਏ, ਚੌਕੀ ਤਬਾਹ

ਖ਼ਬਰਾਂ, ਰਾਸ਼ਟਰੀ

ਜੰਮੂ, 15 ਜਨਵਰੀ : ਭਾਰਤੀ ਫ਼ੌਜ ਨੇ ਅੱਜ ਪਾਕਿਸਤਾਨੀ ਫ਼ੌਜੀਆਂ ਵਿਰੁਧ 'ਜਵਾਬੀ ਕਾਰਵਾਈ' ਕਰਦਿਆਂ ਸੱਤ ਪਾਕਿਸਤਾਨੀ ਫ਼ੌਜੀਆਂ ਨੂੰ ਮਾਰ ਮੁਕਾਇਆ ਜਦਕਿ ਚਾਰ ਹੋਰਾਂ ਨੂੰ ਜ਼ਖ਼ਮੀ ਕਰ ਦਿਤਾ। ਭਾਰਤੀ ਫ਼ੌਜ ਨੇ ਮੇਜਰ ਸਮੇਤ ਸੱਤ ਪਾਕਿਸਤਾਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਕਾਰਵਾਈ ਵਿਚ ਕੰਟਰੋਲ ਰੇਖਾ ਲਾਗੇ ਇਕ ਪਾਕਿਸਤਾਨੀ ਚੌਕੀ ਨੂੰ ਵੀ ਤਬਾਹ ਕਰ ਦਿਤਾ ਗਿਆ।ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਪਾਕਿਸਤਾਨੀ ਫ਼ੌਜੀਆਂ ਨੇ ਅੱਜ ਤੜਕੇ ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਮੇਂਡਰ ਸੈਕਟਰ ਵਿਚ ਅਗਲੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ।' ਉਨ੍ਹਾਂ ਦਸਿਆ ਕਿ ਕੰਟਰੋਲ ਰੇਖਾ ਦੀ ਰਾਖੀ ਵਿਚ ਲੱਗੇ ਭਾਰਤੀ ਫ਼ੌਜੀਆਂ ਨੇ ਮੂੰਹ-ਤੋੜ ਜਵਾਬ ਦਿੰਦਿਆਂ ਗੋਲੀਬੰਦੀ ਦੀ ਉਲੰਘਣਾ ਕਰਨ ਵਾਲੀ ਚੌਕੀ ਨੂੰ ਨਿਸ਼ਾਨਾ ਬਣਾਇਆ। ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਸੱਤ ਫ਼ੌਜੀ ਮਾਰੇ ਗਏ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿਚ ਇਕ ਮੇਜਰ ਵੀ ਹੈ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਇਹ ਕਾਰਵਾਈ ਸਨਿਚਰਵਾਰ ਦੀ ਉਸ ਘਟਨਾ ਦੇ ਜਵਾਬ ਵਿਚ ਕੀਤੀ ਗਈ ਜਿਸ ਵਿਚ ਰਾਜੌਰੀ ਜ਼ਿਲ੍ਹੇ ਵਿਚ ਪਾਕਿਸਾਨ ਦੀ ਗੋਲੀਬਾਰੀ ਵਿਚ ਇਕ ਭਾਰਤੀ ਫ਼ੌਜੀ ਮਾਰਿਆ ਗਿਆ ਸੀ। ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਦਸਿਆ, 'ਪੁੰਛ ਜ਼ਿਲ੍ਹੇ ਦੇ ਮੇਂਡਰ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਜਗਲੋਟੇ ਇਲਾਕੇ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜੀਆਂ ਵਿਰੁਧ ਜਵਾਬੀ ਕਾਰਵਾਈ ਕੀਤੀ।

 ਉਧਰ, ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕੰਟਰੋਲ ਰੇਖਾ 'ਤੇ ਭਾਰਤ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪਾਕਿਸਤਾਨ ਦੇ ਚਾਰ ਫ਼ੌਜੀ ਮਾਰੇ ਗਏ ਹਨ। ਪਾਕਿਸਾਨੀ ਫ਼ੌਜ ਨੇ ਤਿੰਨ ਭਾਰਤੀ ਫ਼ੌਜੀਆਂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਫ਼ੌਜ ਦੇ ਜਨ ਸੰਪਰਕ ਅਧਿਕਾਰੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਟਲੀ ਸੈਕਟਰ, ਜੰਦਰੋਟ ਇਲਾਕੇ ਵਿਚ ਫ਼ੌਜ ਨੂੰ ਭਾਰੀ ਮੋਰਟਾਰ ਅਤੇ ਗੋਲਾਬਾਰੀ ਨਾਲ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਪਾਕਿਸਤਾਨ ਦੇ ਚਾਰ ਫ਼ੌਜੀ ਮਾਰੇ ਗਏ। ਦਾਅਵਾ ਕੀਤਾ ਗਿਆ ਹੈ ਕਿ ਤਿੰਨ ਭਾਰਤੀ ਫ਼ੌਜੀ ਵੀ ਮਾਰੇ ਗਏ ਹਨ। ਫ਼ੌਜ ਦੀ ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਇਹ ਕਹਿੰਦਿਆਂ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿਤਾ ਕਿ ਜੇ ਗੁਆਂਢੀ ਦੇਸ਼ ਨੇ ਮਜਬੂਰ ਕੀਤਾ ਤਾਂ ਭਾਰਤੀ ਫ਼ੌਜ ਅਤਿਵਾਦੀ ਟਿਕਾਣਿਆਂ ਵਿਰੁਧ ਅਪਣੀ ਮੁਹਿੰਮ ਤੇਜ਼ ਕਰ ਸਕਦੀ ਹੈ ਅਤੇ ਹੋਰ ਕਾਰਵਾਈ ਨੂੰ ਵੀ ਅੰਜਾਮ ਦੇ ਸਕਦੀ ਹੈ। ਫ਼ੌਜੀ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਅੱਜ ਤੜਕੇ ਕੰਟਰੋਲ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਪੁੰਛ ਜ਼ਿਲ੍ਹੇ ਵਿਚ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਫ਼ੌਜ ਨੇ ਕਿਹਾ ਹੈ ਕਿ ਜਵਾਬੀ ਕਾਰਵਾਈ ਵਿਚ ਤਿੰਨ ਭਾਰਤੀ ਫ਼ੌਜੀ ਵੀ ਮਾਰੇ ਗਏ ਹਨ।
(ਏਜੰਸੀ)