ਭਾਰਤੀ ਜੁਗਾੜ ਲਾਉਣ ਦੇ ਉਸਤਾਦ ਹਨ, ਕਾਲੇ ਧਨ ਲਈ ਵੀ 'ਜੁਗਾੜ' ਲਾਇਆ ਜਾਵੇਗਾ : ਰਘੂਰਾਮ ਰਾਜਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਸਤੰਬਰ : ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨੋਟਬੰਦੀ ਦੇ ਮਾੜੇ ਨਤੀਜਿਆਂ ਬਾਬਤ ਸਰਕਾਰ ਨੂੰ ਚੇਤਾਵਨੀ ਦਿਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿਸਟਮ ਵਿਚੋਂ 86 ਫ਼ੀ ਸਦੀ ਪੈਸਾ ਕੱਢ ਲਏ ਜਾਣ ਨਾਲ ਅਰਥਚਾਰੇ ਵਿਚ ਖੜੋਤ ਆ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਤਿਆਰੀ ਤੋਂ ਨੋਟੰਬੰਦੀ ਆਰਥਚਾਰੇ 'ਚ ਖੜੋਤ ਲਿਆ ਸਕਦੀ ਹੈ ਅਤੇ ਕੰਪਨੀਆਂ ਨੂੰ ਮੰਦੇਹਾਲ ਕਰ ਸਕਦੀ ਹੈ। ਰਘੂਰਾਮ ਰਾਜਨ ਨੇ ਕਿਹਾ ਕਿ ਬਤੌਰ ਗਵਰਨਰ ਉਨ੍ਹਾਂ ਅਪਣੀਆਂ ਚਿੰਤਾਵਾਂ ਤੋਂ 'ਵੱਡਿਆਂ' ਨੂੰ ਜਾਣੂੰ ਕਰਵਾ ਦਿਤਾ ਸੀ। ਉਨ੍ਹਾਂ ਕਿਹਾ ਕਿ ਜੇ ਤੁਸੀਂ ਪਹਿਲੇ ਦਿਨ ਤੋਂ ਹੀ ਤਿਆਰ ਨਹੀਂ ਹੋ ਤਾਂ ਇਸ ਦਾ ਆਰਥਕ ਸਰਗਰਮੀ 'ਤੇ ਅਸਰ ਜ਼ਰੂਰ ਪਵੇਗਾ। ਰਾਜਨ ਨੇ ਕਿਹਾ ਕਿ ਤੁਸੀਂ ਨੋਟੰਬੰਦੀ ਕਾਰਨ ਆਰਥਕ ਸਰਗਰਮੀ ਵਿਚ ਨਾਟਕੀ ਖੜੋਤ ਵੇਖੋਗੇ। ਚਿੰਤਾ ਦਾ ਦੂਜਾ ਕਾਰਨ ਇਹ ਹੈ ਕਿ ਕੰਪਨੀਆਂ ਨੂੰ ਮੰਦੇ ਹਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਸਹਿਣਸ਼ੀਲ ਸਮਾਜ ਬਣਨ ਦਾ ਖ਼ਤਰਾ ਮੁਲ ਨਹੀਂ ਲੈ ਸਕਦਾ ਕਿਉਂਕਿ ਸਹਿਣਸ਼ੀਲਤਾ ਆਰਥਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਇਹ ਨਤੀਜੇ ਹਾਲੇ ਪੂਰੀ ਤਰ੍ਹਾਂ ਸਾਹਮਣੇ ਆਉਣਗੇ। ਦੂਜਾ ਕਾਰਨ ਨਿਵੇਸ਼ਕਾਂ ਦੀ ਭਾਵਨਾ 'ਤੇ ਅਸਰ ਪਾਉਣ ਵਾਲਾ ਹੈ। ਜੇ ਇਹ ਚਿੰਤਾ ਹੈ ਕਿ ਇਹ ਲੰਮੀ ਚੱਲਣ ਵਾਲੀ ਕਵਾਇਦ ਹੈ ਤਾਂ ਇਹ ਵੀ ਚਿੰਤਾ ਹੋ ਸਕਦੀ ਹੈ ਕਿ ਇਹ ਖਪਤ 'ਤੇ ਕਿਵੇਂ ਅਸਰ ਪਾਏਗੀ? ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਨੋਟਬੰਦੀ ਸਬੰਧੀ ਕਿਸੇ ਵੀ ਦਾਅਵੇ ਬਾਰੇ ਸਪੱਸ਼ਟ ਤੌਰ 'ਤੇ ਕੁੱਝ ਪਤਾ ਨਹੀਂ ਲੱਗਾ ਤਾਂ ਉਨ੍ਹਾਂ ਕਿਹਾ ਕਿ ਮੇਰਾ ਖ਼ਿਆਲ ਹੈ ਕਿ ਹਾਲਾਤ ਦਾ ਸੱਭ ਤੋਂ ਮਾੜਾ ਸੁਮੇਲ ਦਿਸੇਗਾ। ਬਾਕੀ ਭਾਰਤੀ ਜੁਗਾੜ ਲਾਉਣ ਦੇ ਮਾਹਰ ਹਨ। ਜੇ ਤੁਸੀਂ ਭਾਰਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਤੁਸੀਂ ਵੇਖੋਗੇ ਕਿ ਬਹੁਤ ਜ਼ਿਆਦਾ ਜੁਗਾੜ ਲਾਇਆ ਗਿਆ ਤੇ ਕਾਲੇ ਧਨ ਲਈ ਵੀ 'ਜੁਗਾੜ' ਲਾਇਆ ਜਾਵੇਗਾ। (ਏਜੰਸੀ)