ਭਾਰੀ ਮੀਂਹ ਕਰ ਕੇ ਚੇਨਈ 'ਚ ਆਮ ਜੀਵਨ ਲੀਹੋਂ ਲੱਥਾ

ਖ਼ਬਰਾਂ, ਰਾਸ਼ਟਰੀ

ਚੇਨਈ, 3 ਨਵੰਬਰ: ਤਾਮਿਲਨਾਡੂ ਦੀ ਰਾਜਧਾਨੀ ਚੇਨਈ ਅਤੇ ਨੇੜਲੇ ਜ਼ਿਲ੍ਹਿਆਂ 'ਚ ਸਾਰੀ ਰਾਤ ਪਏ ਭਾਰੀ ਮੀਂਹ ਕਰ ਕੇ ਆਮ ਜੀਵਨ 'ਤੇ ਬੁਰਾ ਅਸਰ ਪਿਆ ਹੈ। ਚੇਨਈ, ਕਾਂਚੀਪੁਰਮ ਅਤੇ ਤਿਰਵਲੂਰ ਜ਼ਿਲ੍ਹਿਆਂ 'ਚ ਅੱਜ ਵੀ ਸਕੂਲ ਅਤੇ ਕਾਲਜ ਬੰਦ ਰਹੇ। ਇੱਥੇ 31 ਅਕਤੂਬਰ ਤੋਂ ਸਕੂਲ ਅਤੇ ਕਾਲਜ ਬੰਦ ਹਨ। ਇੱਥੇ ਸਥਿਤ ਆਈ.ਟੀ. ਗਲਿਆਰੇ 'ਚ ਕੁੱਝ ਸੂਚਨਾ ਤਕਨੀਕ ਕੰਪਨੀਆਂ ਨੇ ਅਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿਤੀ ਹੈ। ਤਾਮਿਲਨਾਡੂ ਸਰਕਾਰ ਨੇ ਕਲ ਨਿਜੀ ਅਦਾਰਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਅੱਜ ਛੁੱਟੀ ਦਾ ਐਲਾਨ ਕਰਨ ਜਾਂ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ। ਅੰਨਾ ਯੂਨੀਵਰਸਟੀ ਅਤੇ ਯੂਨੀਵਰਸਟੀ ਆਫ਼ ਮਦਰਾਸ ਨੇ ਅਪਣੀ ਸਮੈਸਟਰ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ। 

ਮੀਂਹ ਕਰ ਕੇ ਇਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਸੂਬੇ 'ਚ 27 ਅਕਤੂਬਰ ਨੂੰ ਉੱਤਰੀ-ਪੂਰਬੀ ਮਾਨਸੂਨ ਆਉਣ ਤੋਂ ਬਾਅਦ ਤੋਂ ਮੀਂਹ ਨਾਲ ਜੁੜੀਆਂ ਘਟਨਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ।  ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਸਾਢੇ ਅੱਜ ਵਜੇ ਤਕ ਚੇਨਈ ਅਤੇ ਨੁੰਗਮਬਕਮ 'ਚ 18 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਅਤੇ ਦਖਣੀ ਉਪ-ਨਗਰ 'ਚ ਮੀਨਮਬੱਕਮ 'ਚ 14 ਸੈਂਟੀਮੀਟਰ ਤਕ ਮੀਂਹ ਦਰਜ ਹੋਇਆ।ਨਾਗਾਪੱਤਨਮ ਜ਼ਿਲ੍ਹੇ 'ਚ ਲਗਾਤਾਰ ਪੰਜਵੇਂ ਦਿਨ ਭਾਰੀ ਮੀਂਹ ਕਰ ਕੇ ਸੈਂਕੜੇ ਘਰਾਂ 'ਚ ਪਾਣੀ ਵੜ ਗਿਆ ਅਤੇ ਹਜ਼ਾਰਾਂ ਏਕੜ 'ਚ ਲੱਗੀ ਝੋਨੇ ਦੀ ਫ਼ਸਲ ਡੁੱਬ ਗਈ। ਤਰੰਗਮਬਾੜੀ ਅਤੇ ਸਿਰਕਾਝੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ 'ਤੇ ਲਿਜਾਇਆ ਗਿਆ ਜਿੱਥੇ ਸੈਂਕੜੇ ਘਰ ਹੜ੍ਹਾਂ ਦੀ ਮਾਰ 'ਚ ਆ ਗਏ ਹਨ।   (ਪੀਟੀਆਈ)