ਭੁੱਜੇ ਹੋਏ ਛੋਲੇ, ਇਡਲੀ-ਡੋਸਾ, ਝਾੜੂ, ਅਖਰੋਟ ਹੋਣਗੇ ਸਸਤੇ ਰੋਜ਼ਾਨਾ ਵਰਤੋਂ ਦੀਆਂ 30 ਵਸਤਾਂ 'ਤੇ ਘਟਿਆ ਜੀਐਸਟੀ

ਖ਼ਬਰਾਂ, ਰਾਸ਼ਟਰੀ



ਹੈਦਰਾਬਾਦ, 9 ਸਤੰਬਰ : ਦੇਸ਼ ਭਰ ਦੇ ਲੋਕਾਂ ਲਈ ਥੋੜੀ ਰਾਹਤ ਦੀ ਖ਼ਬਰ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਕੁਲ 30 ਵਸਤਾਂ 'ਤੇ ਜੀਐਸਟੀ ਯਾਨੀ ਵਸਤੂ ਅਤੇ ਸੇਵਾ ਕਰ ਟੈਕਸ ਘਟਾ ਦਿਤਾ ਗਿਆ ਹੈ। ਇਹ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇਥੇ ਜੀਐਸਟੀ ਕੌਂਸਲ ਦੀ 21ਵੀਂ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦਿਤੀ।

ਭੁੱਜੇ ਹੋਏ ਛੋਲਿਆਂ, ਇਡਲੀ ਡੋਸਾ, ਰੇਨਕੋਟ, ਰਬਰ ਬੈਂਡ ਸਮੇਤ ਕਰੀਬ 30 ਚੀਜ਼ਾਂ 'ਤੇ ਜੀਐਸਟੀ ਦੀ ਦਰ ਘਟਾ ਦਿਤੀ ਗਈ ਹੈ। ਅਖਰੋਟ 'ਤੇ ਜੀਐਸਟੀ 12 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕਰ ਦਿਤਾ ਗਿਆ ਹੈ। ਦਰਮਿਆਨੇ ਆਕਾਰ ਵਾਲੀਆਂ, ਲਗ਼ਜ਼ਰੀ ਕਾਰਾਂ ਅਤੇ ਐਸਯੂਵੀ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਇਨ੍ਹਾਂ 'ਤੇ 2 ਤੋਂ 7 ਫ਼ੀ ਸਦੀ ਵਾਧੂ ਸੈੱਸ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜੀਐਸਟੀ ਦੀ ਅੱਠ ਘੰਟਾ ਲੰਮੀ ਚੱਲੀ ਬੈਠਕ ਤੋਂ ਬਾਅਦ ਜੇਤਲੀ ਨੇ ਕਿਹਾ ਕਿ ਵਾਧੂ ਸੈੱਸ ਲਾਗੂ ਕਰਨ ਦੀ ਤਰੀਕ ਬਾਰੇ ਬਾਅਦ ਵਿਚ ਨੋਟੀਫ਼ੀਕੇਸ਼ਨ ਜਾਰੀ ਕੀਤਾ ਜਾਵੇਗਾ। ਧੂਪ ਬੱਤੀ, ਧੂਪ, ਕਸਟਰਡ ਪਾਊਡਰ, ਕੰਪਿਊਟਰ ਮਾਨੀਟਰ, ਝਾੜੂ, ਬਰੱਸ਼ ਆਦਿ ਸਮੇਤ ਰੋਜ਼ਾਨਾ ਵਰਤੋਂ ਦੀਆਂ 30 ਚੀਜ਼ਾਂ 'ਤੇ ਜੀਐਸਟੀ ਘਟਾਇਆ ਗਿਆ ਹੈ।

ਵਿੱਤ ਮੰਤਰੀ ਨੇ ਦਸਿਆ ਕਿ ਦੇਸ਼ ਦੇ 70 ਫ਼ੀ ਸਦੀ ਤੋਂ ਵੱਧ ਕਰਦਾਤਾਵਾਂ ਨੇ ਕਰੀਬ 95,000 ਕਰੋੜ ਰੁਪਏ ਦੀਆਂ ਰਿਟਰਨਾਂ ਦਾਖ਼ਲ ਕੀਤੀਆਂ ਹਨ। ਉਨ੍ਹਾਂ ਦਸਿਆ ਕਿ ਛੋਟੀਆਂ ਕਾਰਾਂ 'ਤੇ ਸੈੱਸ ਜ਼ਰੀਏ ਬੋਝ ਨਹੀਂ ਪਾਇਆ ਜਾਵੇਗਾ। ਖਾਦੀ ਸਟੋਰ 'ਤੇ ਵੇਚੀ ਜਾਣ ਵਾਲੀ ਖਾਦੀ 'ਤੇ ਜੀਐਸਟੀ ਨਹੀਂ ਲੱਗੇਗਾ। ਛੋਟੀਆਂ ਪਟਰੌਲ, ਡੀਜ਼ਲ ਅਤੇ ਹਾਈਬ੍ਰਿਡ ਕਾਰਾਂ 'ਤੇ ਸੈੱਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਦਰਮਿਆਨੀ ਸ਼੍ਰੇਣੀ ਦੀਆਂ ਕਾਰਾਂ 'ਤੇ ਦੋ ਫ਼ੀ ਸਦੀ ਸੈੱਸ ਲੱਗੇਗਾ ਅਤੇ ਵੱਡੀਆਂ ਕਾਰਾਂ 'ਤੇ ਪੰਜ ਫ਼ੀ ਸਦੀ ਤੇ ਐਸਯੂਵੀ 'ਤੇ ਸੱਤ ਫ਼ੀ ਸਦੀ ਸੈੱਸ ਲੱਗੇਗਾ। ਜੀਐਸਟੀਆਰ-1 ਜਾਂ ਵਿਕਰੀ ਰਿਟਰਨ ਭਰਨ ਲਈ ਆਖ਼ਰੀ ਤਰੀਕ ਇਕ ਮਹੀਨਾ ਵਧਾ ਕੇ 10 ਅਕਤੂਬਰ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਛੋਟੀਆਂ ਪਟਰੌਲ, ਡੀਜ਼ਲ ਅਤੇ ਹਾਈਬ੍ਰਿਡ ਕਾਰਾਂ 'ਤੇ ਲੱਗਣ ਵਾਲੇ ਸੈੱਸ ਵਿਚ ਵਾਧਾ ਨਹੀਂ ਹੋਵੇਗਾ। ਮੀਟਿੰਗ ਵਿਚ ਵੱਖ ਵੱਖ ਸੂਬਿਆਂ ਦੇ ਵਿੱਤ ਮੰਤਰੀ ਸ਼ਾਮਲ ਹੋਏ।  ਪਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕਿਹਾ ਕਿ ਰਿਟਰਨ ਦਾਖ਼ਲ ਕਰਨ ਦੀ ਤਰੀਕ ਵਧਾ ਦਿਤੀ ਗਈ ਹੈ। ਹਰਿਆਣਾ ਦੇ ਵਿੱਤ ਮੰਤਰੀ ਅਭਿਮਨਯੂ ਸਿੰਘ ਨੇ ਕਿਹਾ ਕਿ ਜੀਐਸਟੀ ਸਾਫ਼ਟਵੇਟਰ 'ਤੇ ਕਾਫ਼ੀ ਦਬਾਅ ਸੀ। ਸ਼ੁਰੂਆਤੀ ਦੌਰ ਵਿਚ ਕਈ ਥਾਵਾਂ ਤੋਂ ਮੁਸ਼ਕਲਾਂ ਆਈਆਂ। ਜੰਮੂ ਕਸ਼ਮੀਰ ਦੇ ਵਿੱਤ ਮੰਤਰੀ ਹਸੀਬ ਨੇ ਕਿਹਾ ਕਿ ਜੀਐਸਟੀਐਨ ਦੀਆਂ ਦਿਕਤਾਂ ਦੂਰ ਕਰਨ ਲਈ 5 ਮੰਤਰੀਆਂ ਦੀ ਕਮੇਟੀ ਬਣੇਗੀ। ਕਮੇਟੀ ਜੀਐਸਟੀ ਕੌਂਸਲ ਨਾਲ ਗੱਲਬਾਤ ਕਰੇਗੀ।   (ਏਜੰਸੀ)