ਨਵੀਂ ਦਿੱਲੀ, 2 ਫ਼ਰਵਰੀ: ਕੇਂਦਰੀ ਜਾਂਚ ਬਿਊਰੋ ਨੇ ਸਿਆਸੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ 64 ਕਰੋੜ ਰੁਪਏ ਦੇ ਬਹੁਚਰਚਿਤ ਬੋਫ਼ੋਰਜ਼ ਤੋਪ ਸੌਦਾ ਦਲਾਲੀ ਕਾਂਡ 'ਚ ਮੁਲਜ਼ਮਾਂ ਵਿਰੁਧ ਸਾਰੇ ਦੋਸ਼ ਰੱਦ ਕਰਨ ਦੇ ਦਿੱਲੀ ਹਾਈ ਕੋਰਟ ਦੇ 2005 ਦੇ ਫ਼ੈਸਲੇ ਨੂੰ ਅੱਜ ਸੁਪਰੀਮ ਕੋਰਟ 'ਚ ਚੁਨੌਤੀ ਦੇ ਦਿਤੀ।ਜਾਂਚ ਬਿਊਰੋ ਵਲੋਂ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦੇਣਾ ਕਾਫ਼ੀ ਮਹੱਤਵਪੂਰਨ ਮੋੜ ਹੈ ਕਿਉਂਕਿ ਪਿੱਛੇ ਜਿਹੇ ਹੀ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ 12 ਸਾਲ ਬਾਅਦ ਅਪੀਲ ਦਾਇਰ ਨਾ ਕਰਨ ਦੀ ਸਲਾਹ ਦਿਤੀ ਸੀ।ਹਾਲਾਂਕਿ ਸੂਤਰਾਂ ਨੇ ਦਸਿਆ ਕਿ ਵਿਚਾਰ-ਵਟਾਂਦਰੇ ਤੋਂ ਬਾਅਦ ਕਾਨੂੰਨ ਅਧਿਕਾਰੀ ਅਪੀਲ ਦਾਇਰ ਕਰਨ ਦੇ ਹੱਕ 'ਚ ਹੋ ਗਏ ਕਿਉਂਕਿ ਸੀ.ਬੀ.ਆਈ. ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਲਈ ਕੁੱਝ ਮਹੱਤਵਪੂਰਨ ਦਸਤਾਵੇਜ਼ ਅਤੇ ਸਬੂਤ ਉਨ੍ਹਾਂ ਦੇ ਸਾਹਮਣੇ ਰੱਖੇ।ਜਾਂਚ ਬਿਊਰੋ ਜਾਂਚ ਬਿਊਰੋ ਨੇ ਹਾਈ ਕੋਰਟ ਦੇ 31 ਮਈ, 2005 ਦੇ ਫ਼ੈਸਲੇ ਵਿਰੁਧ ਅਪੀਲ ਦਾਇਰ ਕੀਤੀ ਹੈ। ਇਸ ਫ਼ੈਸਲੇ 'ਚ ਹਾਈ ਕੋਰਟ ਨੇ ਯੂਰੋਪ 'ਚ ਰਹਿ ਰਹੇ ਉਦਯੋਗਪਤੀ ਹਿੰਦੂਜਾ ਬੰਧੂਆਂ ਅਤੇ ਬੋਫ਼ੋਰਜ਼ ਕੰਪਨੀ ਵਿਰੁਧ ਸਾਰੇ ਦੋਸ਼ ਰੱਦ ਕਰ ਦਿਤੇ ਸਨ।ਇਸ ਤੋਂ ਪਹਿਲਾਂ ਅਟਾਰਨੀ ਜਨਰਲ ਨੇ ਸੀ.ਬੀ.ਆਈ. ਨੂੰ ਸਲਾਹ ਦਿਤੀ ਸੀ ਕਿ ਭਾਜਪਾ ਆਗੂ ਅਜੈ ਅਗਰਵਾਲ ਵਲੋਂ ਦਾਖ਼ਲ ਕੀਤੀ ਗਈ ਪਟੀਸ਼ਨ ਦੇ ਮਾਮਲੇ 'ਚ ਬਚਾਅ ਧਿਰ ਵਜੋਂ ਕੇਸ ਬਣਾਉਣ ਲਈ ਕਿਹਾ ਸੀ। ਅਜੈ ਅਗਰਵਾਲ ਨੇ 2005 ਦੇ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦਿਤੀ ਸੀ ਜਦੋਂ ਏਜੰਸੀ 90 ਦਿਨਾਂ ਦੇ ਦਿਤੇ ਸਮੇਂ ਅੰਦਰ ਵਿਸ਼ੇਸ਼ ਇਜਾਜ਼ਤ ਅਪੀਲ ਦਾਇਰ ਕਰਨ 'ਚ ਅਸਫ਼ਲ ਰਹੀ ਸੀ।