ਚੰਡੀਗੜ੍ਹ-ਸ਼ਿਮਲਾ ਸੜਕ 'ਤੇ ਪਹਾੜ ਦਾ ਹਿੱਸਾ ਡਿਗਿਆ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 2 ਸਤੰਬਰ : ਚੰਡੀਗੜ੍ਹ-ਸ਼ਿਮਲਾ ਰਾਸ਼ਟਰੀ ਰਾਜਮਾਰਗ 'ਤੇ ਅੱਜ ਢਿੱਗਾਂ ਡਿੱਗਣ ਕਾਰਨ ਸੜਕ 'ਤੇ ਖੜੋ ਵਾਹਨ ਮਲਬੇ 'ਚ ਫਸ ਗਏ। ਖ਼ਬਰ ਏਜੰਸੀ ਏਐਨਆਈ ਨੇ ਹਾਦਸੇ ਦੀ ਵੀਡੀਉ ਵੀ ਜਾਰੀ ਕੀਤੀ ਹੈ ਜਿਸ ਨੂੰ ਵੇਖ ਕੇ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਅੱਠ ਵਾਹਨ ਮਲਬੇ ਹੇਠ ਦੱਬ ਗਏ। ਤਿੰਨ ਘਰਾਂ ਅਤੇ ਇਕ ਮੰਦਰ ਨੂੰ ਨੁਕਸਾਨ ਪੁੱਜਾ ਹੈ। ਇਹ ਹਾਦਸਾ ਸ਼ਿਮਲਾ ਲਾਗੇ ਢੱਲੀ ਟਨਲ ਕੋਲ ਵਾਪਰਿਆ ਜਦ ਪਹਾੜ ਦਾ ਛੋਟਾ ਜਿਹਾ ਹਿੱਸਾ ਸੜਕ 'ਤੇ ਡਿੱਗ ਗਿਆ। ਮਲਬੇ ਦੀ ਲਪੇਟ ਵਿਚ ਆਉਣ ਨਾਲ ਕਈ ਗੱਡੀਆਂ ਇਸ ਅੰਦਰ ਦੱਬ ਗਈਆਂ। ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ 'ਤੇ ਬਚਾਅ ਅਤੇ ਰਾਹਤ ਟੀਮ ਪਹੁੰਚ ਗਈ।
ਡੀਐਸਪੀ ਰਾਜਿੰਦਰ ਸਿੰਘ ਨੇ ਦਸਿਆ ਕਿ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਲਾਕੇ ਵਿਚ ਤਿੰਨ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੁਲਿਸ ਨੇ ਟਰੈਫ਼ਿਕ ਨੂੰ ਸੰਜੌਲੀ ਵਲ ਮੋੜ ਦਿਤਾ ਹੈ। ਕਲ ਦੋ ਜਗ੍ਹਾ ਢਿੱਗਾਂ ਡਿੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਈ ਇਲਾਕਿਆਂ ਵਿਚ ਇਹ ਘਟਨਾਵਾਂ ਵਾਪਰੀਆਂ ਹਨ।
ਅਧਿਕਾਰੀਆਂ ਨੇ ਦਸਿਆ ਕਿ 15 ਪਰਵਾਰ ਸੁਰੱਖਿਅਤ ਥਾਵਾਂ 'ਤੇ ਭੇਜ ਦਿਤੇ ਗਏ ਹਨ ਕਿਉਂਕਿ ਪਹਾੜੀ ਉਪਰ ਬਣੇ ਹੋਏ ਕਈ ਘਰਾਂ ਲਈ ਖ਼ਤਰਾ ਪੈਦਾ ਹੋ ਗਿਆ ਸੀ। ਢਿੱਗਾਂ ਡਿੱਗਣ ਕਾਰਨ ਢੱਲੀ-ਸ਼ੋਘੀ ਰੋਡ ਜਾਮ ਹੋ ਗਿਆ ਅਤੇ ਸੇਬਾਂ ਨਾਲ ਭਰੇ ਹੋਏ ਟਰੱਕ ਹੋਰ ਰਾਹ ਰਾਹੀਂ ਟਿਕਾਣਿਆਂ ਵਲ ਗਏ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਦਸਿਆ ਕਿ ਮਲਬਾ ਹਟਾਉਣ ਅਤੇ ਰਾਹ ਖੁਲਵਾਉਣ ਲਈ ਭਾਰੀ ਮਸ਼ੀਨਰੀ ਲਾ ਦਿਤੀ ਗਈ ਹੈ ਅਤੇ ਹਾਦਸੇ ਵਿਚ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਅਤੇ ਨਾਹਨ ਵਿਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਛੇ ਦਿਨਾਂ ਦੌਰਾਨ ਖ਼ਿੱਤੇ ਵਿਚ ਮੀਂਹ ਪਵੇਗਾ। ਵੱਧ ਤੋਂ ਵੱਧ ਤਾਪਮਾਨ ਵਿਚ ਕੋਈ ਤਬਦੀਲੀ ਨਹੀਂ ਹੋਈ ਪਰ ਘੱਟੋ ਘੱਟ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ ਹੈ।
(ਏਜੰਸੀ)