ਭੁਜ (ਗੁਜਰਾਤ), 27 ਨਵੰਬਰ: ਗੁਜਰਾਤ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕਿਉਂ ਉਨ੍ਹਾਂ ਦੀ ਪਾਰਟੀ ਨੇ ਪਾਕਿਸਤਾਨ 'ਚ ਇਕ ਅਤਿਵਾਦੀ ਦੀ ਰਿਹਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਚਾਹ ਤਾਂ ਵੇਚਣ ਲਈ ਤਿਆਰ ਹਨ ਪਰ ਅਪਣਾ ਦੇਸ਼ ਕਦੇ ਨਹੀਂ ਵੇਚਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਡੋਕਲਾਮ ਰੇੜਕੇ ਦੌਰਾਨ ਉਹ ਚੀਨੀ ਰਾਜਦੂਤ ਨੂੰ ਜੱਫ਼ੀਆਂ ਕਿਉਂ ਪਾਈਆਂ ਸਨ?ਪ੍ਰਧਾਨ ਮੰਤਰੀ ਨੇ ਕੱਛ ਜ਼ਿਲ੍ਹੇ ਦੇ ਭੁਜ 'ਚ ਅੱਜ ਇਕ ਰੈਲੀ ਨਾਲ ਅਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਾਂਗਰਸ ਪਾਰਟੀ ਉਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ, ''ਤੁਸੀ ਚੀਨੀ ਰਾਜਦੂਤ ਨਾਲ ਗਲੇ ਮਿਲ ਕੇ ਖ਼ੁਸ਼ ਹੋ। ਤੁਸੀ ਹਾਫ਼ਿਜ਼ ਸਈਦ ਦੀ ਰਿਹਾਈ ਉਤੇ ਤਾੜੀਆਂ ਵਜਾ ਰਹੇ ਹੋ। ਤੁਸੀ ਭਾਰਤੀ ਫ਼ੌਜ ਦੀ ਸਰਜੀਕਲ ਸਟਰਾਈਕ ਦਾ ਮਾਣ ਨਹੀਂ ਕਰ ਸਕਦੇ ਪਰ ਤੁਸੀ ਇਸ ਬਾਰੇ ਗੱਲ ਹੀ ਕਿਉਂ ਕੀਤੀ? ਤੁਸੀ ਚੁੱਪ ਰਹਿ ਸਕਦੇ ਸੀ।''