ਚਾਰ ਬੱਚੇ ਪੈਦਾ ਕਰਨ ਹਿੰਦੂ: ਸਵਾਮੀ ਗੋਵਿੰਦਦੇਵ

ਖ਼ਬਰਾਂ, ਰਾਸ਼ਟਰੀ

ਉਡੂਪੀ (ਕਰਨਾਟਕ), 24 ਨਵੰਬਰ: ਕਰਨਾਟਕ ਦੇ ਉਡੂਪੀ 'ਚ ਚਲ ਰਹੀ ਧਰਮ ਸੰਸਦ 'ਚ ਧਾਰਮਕ ਸ਼ਖਸੀਅਤਾਂ ਵਲੋਂ ਦਿਤੇ ਜਾ ਰਹੇ ਵਿਵਾਦਤ ਬਿਆਨ ਰੁਕਣ ਦਾ ਨਾਂ ਨਹੀਂ ਲੈ ਰਹੇ। ਹੁਣ ਹਰਿਦੁਆਰ ਸਥਿਤ ਭਾਰਤ ਮਾਤਾ ਮੰਦਰ ਦੇ ਸਵਾਮੀ ਗੋਵਿੰਦ ਦੇਵ ਗਿਰਿਜੀ ਮਹਾਰਾਜ ਨੇ ਅੱਜ ਕਿਹਾ ਕਿ ਸਾਂਝਾ ਨਾਗਰਿਕ ਕਾਨੂੰਨ (ਯੂ.ਸੀ.ਸੀ.) ਦੇ ਲਾਗੂ ਹੋਣ ਤਕ ਹਿੰਦੂਆਂ ਨੂੰ ਘੱਟ ਤੋਂ ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ ਤਾਕਿ ਜਨਮ ਦਰ ਅਸੰਤੁਲਨ ਉਤੇ ਲਗਾਮ ਲਾਈ ਜਾ ਸਕੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ 'ਚ ਹਿੰਦੂਆਂ ਦੀ ਆਬਾਦੀ ਘੱਟ ਹੋਈ ਉਨ੍ਹਾਂ ਖੇਤਰਾਂ ਨੂੰ ਭਾਰਤ ਨੇ ਗੁਆ ਦਿਤਾ ਹੈ, ਜਿਸ ਨਾਲ ਜਨਮ ਦਰ ਅਸੰਤੁਲਨ ਪੈਦਾ ਹੋਇਆ। ਇਸ ਲਈ ਦੋ ਬੱਚਿਆਂ ਦੀ ਨੀਤੀ ਸਿਰਫ਼ ਹਿੰਦੂਆਂ ਲਈ ਹੀ ਸੀਮਤ ਨਹੀਂ ਰਹਿਣੀ ਚਾਹੀਦੀ। ਵਿਸ਼ਵ ਹਿੰਦੂ ਪਰਿਸ਼ਦ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ ਦੀ ਧਰਮ ਸੰਸਦ ਦੇ ਦੂਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ 'ਚ ਗੋਵਿੰਦ ਦੇਵ ਨੇ ਇਹ ਟਿਪਣੀ ਕੀਤੀ। ਖ਼ੁਦ ਬਣੇ ਗਊ ਰਕਸ਼ਕਾਂ ਵਲੋਂ ਕਾਨੂੰਨ ਅਪਣੇ ਹੱਥਾਂ 'ਚ ਲੈਣ ਦੀਆਂ ਘਟਨਾਵਾਂ ਬਾਰੇ ਪੁੱਛੇ ਜਾਣ 'ਤੇ ਗੋਵਿੰਦ ਦੇਵ ਨੇ ਕਿਹਾ ਕਿ ਗਊ ਰਕਸ਼ਕਾਂ ਦੇ ਨਾਂ ਹੇਠ ਕੁੱਝ ਅਪਰਾਧੀ ਅਪਣਾ ਨਿਜੀ ਹਿਸਾਬ-ਕਿਤਾਬ ਚੁਕਤਾ ਕਰ ਰਹੇ ਹਨ। ਧਰਮ ਸੰਸਦ 'ਚ 2 ਹਜ਼ਾਰ ਤੋਂ ਜ਼ਿਆਦਾ ਹਿੰਦੂ ਸੰਤ, ਮੱਠ ਮੁਖੀ ਅਤੇ ਦੇਸ਼ ਭਰ ਦੇ ਵਿਸ਼ਵ ਹਿੰਦੂ ਪਰਿਸ਼ਦ ਆਗੂ ਹਿੱਸਾ ਲੈ ਰਹੇ ਹਨ।  (ਪੀਟੀਆਈ)