ਨਵੀਂ ਦਿੱਲੀ, 28 ਦਸੰਬਰ: ਤਿੰਨ ਤਲਾਕ ਸਬੰਧੀ ਬਿਲ 'ਤੇ ਅੱਜ ਲੋਕ ਸਭਾ 'ਚ ਚਰਚਾ ਦੌਰਾਨ ਕੇਂਦਰੀ ਮੰਤਰੀ ਐਮ.ਜੇ. ਅਕਬਰ ਅਤੇ ਏ.ਆਈ.ਐਮ.ਆਈ.ਐਮ. ਆਗੂ ਅਸਾਸੂਦੀਨ ਓਵੈਸੀ ਵਿਚਕਾਰ ਤਕਰਾਰ ਵੇਖਣ ਨੂੰ ਮਿਲਿਆ। ਮੁਸਲਮਾਨ ਔਰਤ (ਵਿਆਹ ਅਧਿਕਾਰ ਰਾਖੀ) ਬਿਲ 2017 'ਤੇ ਚਰਚਾ 'ਚ ਦਖ਼ਲਅੰਦਾਜ਼ੀ ਕਰਦਿਆਂ ਅਕਬਰ ਨੇ ਸ਼ਾਹ ਬਾਨੋ ਮਾਮਲੇ ਦਾ ਹਵਾਲਾ ਦਿਤਾ ਤਾਂ ਓਵੈਸੀ ਨੇ ਉਨ੍ਹਾਂ ਨੂੰ ਟੋਕਿਆ ਅਤੇ ਕਿਹਾ ਕਿ ਉਸ ਵੇਲੇ ਤੁਸੀ ਉਸ ਕਾਨੂੰਨ (ਰਾਜੀਵ ਗਾਂਧੀ ਦੇ ਵੇਲੇ) ਨੂੰ ਪਾਸ ਕਰਵਾਇਆ ਸੀ। ਇਸ 'ਤੇ ਅਕਬਰ ਨੇ ਕਿਹਾ ਕਿ ਮੇਰੇ ਦੋਸਤ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹ 1989 'ਚ ਕਾਂਗਰਸ 'ਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਇਸ ਕਥਨ 'ਤੇ ਸੱਤਾਧਿਰ ਦੇ ਮੈਂਬਰਾਂ ਨੇ ਮੇਜ਼ ਥਪਥਪਾਏ।