ਚੇਨਈ 'ਚ ਦਲਿਤ ਕੁੜੀ ਦੀ ਮੌਤ ਵਿਰੁਧ ਪ੍ਰਦਰਸ਼ਨ ਜਾਰੀ

ਖ਼ਬਰਾਂ, ਰਾਸ਼ਟਰੀ

ਚੇਨਈ, 3 ਸਤੰਬਰ : ਕੌਮੀ ਸਾਂਝੀ ਦਾਖ਼ਲਾ ਯੋਗਤਾ ਪ੍ਰੀਖਿਆ (ਨੀਟ) ਵਿਰੁਧ ਅੱਜ ਦੂਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਦੋ ਦਿਨ ਪਹਿਲਾਂ ਇਸ ਟੈਸਟ ਤੋਂ ਪ੍ਰੇਸ਼ਾਨ ਦਲਿਤ ਕੁੜੀ ਨੇ ਖ਼ੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਦਸਿਆ ਕਿ ਤਾਮਿਲ ਸਮਰਥਕ ਸੰਗਠਨ 'ਮਈ 17 ਮੂਵਮੈਂਟ' ਦੇ ਵਰਕਰਾਂ ਨੇ ਇਥੇ ਭਾਜਪਾ ਮੁੱਖ ਦਫ਼ਤਰ 'ਚ ਵੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦਿਹਾੜੀਦਾਰ ਮਜ਼ਦੂਰ ਦੀ 17 ਸਾਲਾ ਕੁੜੀ ਅਨੀਤਾ ਦੀ ਖ਼ੁਦਕੁਸ਼ੀ 'ਤੇ ਕੇਂਦਰ ਅਤੇ ਸੂਬਾ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਅਨੀਤਾ ਕਥਿਤ ਤੌਰ 'ਤੇ ਐਮਬੀਬੀਐਸ ਸੀਟ ਨਾ ਮਿਲਣ ਕਾਰਨ ਤਣਾਅ 'ਚ ਸੀ ਅਤੇ ਇਸ ਲਈ ਉਸ ਨੇ ਇਕ ਸਤੰਬਰ ਨੂੰ ਅਰੀਆਲੁਰ ਜ਼ਿਲ੍ਹੇ 'ਚ ਅਪਣੇ ਘਰ 'ਚ ਕਥਿਤ ਰੂਪ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਧਰ, ਪੁਲਿਸ ਨੇ ਭਾਜਪਾ ਮੁੱਖ ਦਫ਼ਤਰ ਦੀ ਸੁਰੱਖਿਆ ਵਧਾ ਦਿਤੀ ਹੈ। ਦਲਿਤ ਸਮਰਥਕ ਸੰਗਠਨ ਵਿਦੁਥਲਾਈ ਚਿਰੂਥੈਗਲ ਕਾਤਸ਼ੀ (ਵੀਸੀਕੇ) ਨੇ ਵੀ ਇਥੇ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਸਮਰਥਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਨੀਤਾ ਕਥਿਤ ਤੌਰ 'ਤੇ ਇਸ ਗੱਲ ਤੋਂ ਨਿਰਾਸ਼ ਸੀ ਕਿ ਤਾਮਿਲਨਾਡੂ ਨੂੰ ਨੀਟ ਦੇ ਦਾਇਰੇ 'ਚੋਂ ਛੋਟ ਹਾਸਲ ਨਹੀਂ ਹੈ। ਉਸ ਨੇ ਨੀਟ ਵਿਰੁਧ ਉਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ। ਦ੍ਰਮੁਕ ਦੇ ਕਾਰਜਕਾਰੀ ਪ੍ਰਧਾਨ ਐਮਕੇ ਸਟਾਲਿਨ ਨੇ ਦੇਰ ਰਾਤ ਅਨੀਤਾ ਨੂੰ ਉਸ ਦੇ ਪਿਤਾ ਪੁਰਖੀ ਪਿੰਡ 'ਚ ਸ਼ਰਧਾਂਜਲੀ ਦਿਤੀ। ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਨੀਤਾ ਦੇ ਪਰਵਾਰ ਨੂੰ 10 ਲੱਖ ਰੁਪਏ ਦਾ ਦਾਨ ਦਿਤਾ ਹੈ।
ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਟਾਲਿਨ ਨੇ ਕਿਹਾ ਕਿ ਨੀਟ ਨੇ ਤਾਮਿਲਨਾਡੂ 'ਚ ਸਮਾਜਕ ਨਿਆਂ ਨੂੰ ਪ੍ਰਭਾਵਤ ਕੀਤਾ ਹੈ। ਉਨ੍ਹਾਂ ਭਰੋਸਾ ਦਿਤਾ ਕਿ ਉਨ੍ਹਾਂ ਦੀ ਪਾਰਟੀ ਨੀਟ ਵਿਰੁਧ ਲੜਾਈ ਨੂੰ ਅੱਗੇ ਲੈ ਜਾਵੇਗੀ। (ਏਜੰਸੀ)