'ਛੱਮਕਛੱਲੋ' ਕਹਿਣਾ ਔਰਤ ਦਾ ਅਪਮਾਨ : ਅਦਾਲਤ

ਖ਼ਬਰਾਂ, ਰਾਸ਼ਟਰੀ



ਠਾਣੇ, 4 ਸਤੰਬਰ: ਹਿੰਦੀ ਭਾਸ਼ਾ ਦੇ ਸ਼ਬਦ 'ਛੱਮਕਛੱਲੋ' ਦਾ ਪ੍ਰਯੋਗ ਬਾਲੀਵੁੱਡ ਦੇ ਗਾਣੇ 'ਚ ਤਾਂ ਤੁਹਾਨੂੰ ਚੰਗਾ ਲੱਗ ਸਕਦਾ ਹੈ ਪਰ ਅਸਲ ਜ਼ਿੰਦਗੀ 'ਚ ਇਸ ਸ਼ਬਦ ਦਾ ਪ੍ਰਯੋਗ ਕਰਨ ਉਤੇ ਤੁਸੀ ਕਾਨੂੰਨੀ ਪ੍ਰੇਸ਼ਾਨੀ 'ਚ ਫੱਸ ਸਕਦੇ ਹੋ।
ਠਾਣੇ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਇਸ ਸ਼ਬਦ ਦਾ ਪ੍ਰਯੋਗ ਕਰਨਾ ਇਕ ਔਰਤ ਦਾ ਅਪਮਾਨ ਕਰਨ ਦੇ ਬਰਾਬਰ ਹੈ। ਸ਼ਾਹਰੁਖ਼ ਖ਼ਾਨ ਦੀ ਅਦਾਕਾਰੀ ਵਾਲੀ ਫ਼ਿਲਮ 'ਰਾਅ ਵਨ' ਦੇ ਇਕ ਹਿੱਟ ਗੀਤ 'ਚ ਇਸ ਸ਼ਬਦ ਦਾ ਪ੍ਰਯੋਗ ਹੋ ਚੁਕਿਆ ਹੈ। ਇਕ ਮੈਜਿਸਟ੍ਰੇਟ ਨੇ ਪਿਛਲੇ ਹਫ਼ਤੇ ਸ਼ਹਿਰ ਦੇ ਇਕ ਵਾਸੀ ਨੂੰ 'ਅਦਾਲਤ ਦੇ ਉਠਣ ਤਕ' ਸਾਧਾਰਨ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਉਤੇ ਇਕ ਰੁਪਏ ਦਾ ਜ਼ੁਰਮਾਨਾ ਲਾਇਆ ਸੀ। ਮੁਲਜ਼ਮ ਦੇ ਗੁਆਂਢੀ ਨੇ ਉਸ ਨੂੰ ਅਦਾਲਤ 'ਚ ਘਸੀਟਿਆ ਸੀ।
ਗੁਆਂਢੀ ਦੀ ਸ਼ਿਕਾਇਤ ਅਨੁਸਾਰ 9 ਜਨਵਰੀ 2009 ਨੂੰ ਉਸ ਦੀ ਅਤੇ ਉਸ ਦੀ ਪਤਨੀ ਦੀ ਮੁਲਜ਼ਮ ਨਾਲ ਤਕਰਾਰ ਹੋ ਗਈ ਸੀ ਅਤੇ ਮੁਲਜ਼ਮ ਨੇ ਔਰਤ ਨੂੰ ਛੱਮਕਛੱਲੋ ਕਹਿ ਕੇ ਬੁਲਾਇਆ ਸੀ।  (ਪੀਟੀਆਈ)