ਛਾਤੀ ਠੋਕਣ ਤੋਂ ਪਹਿਲਾਂ ਵਾਧਾ ਦਰ 8 ਤੋਂ 10 ਫ਼ੀ ਸਦੀ 'ਤੇ ਪਹੁੰਚਾਉ : ਰਘੂਰਾਮ ਰਾਜਨ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 8 ਸਤੰਬਰ : ਛਾਤੀ ਠੋਕਣ ਤੋਂ ਪਹਿਲਾਂ ਦਸ ਸਾਲ ਤਕ ਭਾਰਤ ਨੂੰ 8 ਤੋਂ 10 ਫ਼ੀ ਸਦੀ ਆਰਥਕ ਵਾਧਾ ਹਾਸਲ ਕਰਨਾ ਪਵੇਗਾ। ਇਹ ਗੱਲ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਹੀ।

ਉਨ੍ਹਾਂ ਕਿਹਾ ਕਿ ਸਰਕਾਰ ਦੁਨੀਆਂ ਵਿਚ ਸੱਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਾਬਤ ਅਪਣੀ ਛਾਤੀ ਤਦ ਤਕ ਨਾ ਠੋਕੇ ਜਦ ਤਕ ਲਗਾਤਾਰ ਦਸ ਸਾਲ ਤਕ ਮਜ਼ਬੂਤ ਜੀਡੀਪੀ ਵਾਧਾ ਹਾਸਲ ਨਹੀਂ ਕਰ ਲੈਂਦੀ। ਰਾਜਨ ਨੇ ਕਿਹਾ ਕਿ ਭਾਰਤ ਸੰਸਕ੍ਰਿਤੀ ਅਤੇ ਇਤਿਹਾਸ ਜਿਹੇ ਮੁੱਦਿਆਂ 'ਤੇ ਤਾਂ ਦੁਨੀਆਂ ਵਿਚ ਵੱਧ ਚੜ੍ਹ ਕੇ ਅਪਣੀ ਗੱਲ ਕਹਿ ਸਕਦਾ ਹੈ ਪਰ ਆਰਥਕ ਵਾਧੇ ਦੇ ਮੋਰਚੇ 'ਤੇ ਅਜਿਹਾ ਤਦ ਤਕ ਨਹੀਂ ਕਰਨਾ ਚਾਹੀਦਾ ਜਦ ਤਕ ਦਸ ਸਾਲ ਤਕ 8 ਤੋਂ 10 ਫ਼ੀ ਸਦੀ ਦਾ ਆਰਥਕ ਵਾਧਾ ਹਾਸਲ ਨਹੀਂ ਹੋ ਜਾਂਦਾ।

       ਦੋ ਦਹਾਕੇ ਵਿਚ ਰਾਜਨ ਰਿਜ਼ਰਵ ਬੈਂਕ ਦੇ ਇਕੋ ਇਕ ਗਵਰਨਰ ਰਹੇ ਹਨ ਜਿਨ੍ਹਾਂ ਨੂੰ ਦੂਜਾ ਕਾਰਜਕਾਲ ਨਹੀਂ ਮਿਲਿਆ। ਪਿਛਲੇ ਸਾਲ ਅਪ੍ਰੈਲ ਵਿਚ ਉਨ੍ਹਾਂ ਇਹ ਕਹਿ ਕੇ ਵਿਵਾਦ ਖੜਾ ਕਰ ਦਿਤਾ ਸੀ ਕਿ ਤੇਜ਼ੀ ਨਾਲ ਵਧਦਾ ਭਾਰਤ 'ਅੰਨ੍ਹਿਆਂ ਵਿਚ ਕਾਣਾ ਰਾਜਾ' ਹੈ। ਉਸ ਸਮੇਂ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਭਾਰਤੀ ਨਹੀਂ ਹਨ। ਰਾਜਨ ਨੇ ਕਿਹਾ, 'ਮੈਂ ਕੋਈ ਭਵਿੱਖਬਾਣੀ ਨਹੀਂ ਕਰ ਰਿਹਾ। ਮੈਂ ਸਿਰਫ਼ ਇਹ ਕਹਿ ਰਿਹਾ ਹਾਂ ਕਿ ਬਹੁਤਾ ਉਤਸ਼ਾਹ ਵਿਖਾਉਂਦੇ ਸਮੇਂ ਸਾਵਧਾਨੀ ਜ਼ਰੂਰੀ ਹੈ। ਇਹ ਟਿਪਣੀ ਅਪ੍ਰੈਲ, 2016 ਵਿਚ ਕੀਤੀ ਗਈ ਸੀ। ਉਸ ਤੋਂ ਬਾਅਦ ਹਰ ਤਿਮਾਹੀ ਵਿਚ ਸਾਡਾ ਵਾਧਾ ਥੱਲੇ ਜਾ ਰਿਹਾ ਹੈ।'

    ਭਾਰਤ ਦੀ ਆਰਥਕ ਵਾਧਾ ਦਰ ਚਾਲੂ ਵਿੱਤ ਵਰ੍ਹੇ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਘਟ ਕੇ 5.7 ਫ਼ੀ ਸਦੀ 'ਤੇ ਆ ਗਈ ਹੈ। ਇਹ ਇਸ ਤੋਂ ਪਿਛਲੀ ਤਿਮਾਹੀ ਵਿਚ 6.1 ਫ਼ੀ ਸਦੀ ਰਹੀ ਸੀ। ਦੋਹਾਂ ਤਿਮਾਹੀਆਂ ਵਿਚ ਚੀਨ ਦੀ ਵਾਧਾ ਦਰ 6.5 ਫ਼ੀ ਸਦੀ ਰਹੀ ਹੈ। ਰਾਜਨ ਨੇ ਕਿਹਾ ਕਿ ਵਾਧਾ ਦਰ ਅੱਠ ਜਾਂ ਨੌਂ ਫ਼ੀ ਸਦੀ 'ਤੇ ਪਹੁੰਚਣੀ ਚਾਹੀਦੀ ਹੈ। (ਏਜੰਸੀ)