ਛੱਤੀਸਗੜ੍ਹ 'ਚ ਨਕਸਲੀ ਹਮਲਾ, ਨੌਂ ਜਵਾਨਾਂ ਦੀ ਮੌਤ

ਖ਼ਬਰਾਂ, ਰਾਸ਼ਟਰੀ

ਰਾਏਪੁਰ/ਨਵੀਂ ਦਿੱਲੀ, 13 ਮਾਰਚ: ਛੱਤੀਸਗੜ੍ਹ ਦੇ ਸੁਕਮਾ ਇਲਾਕੇ ਵਿਚ ਅੱਜ ਹੋਏ ਨਕਸਲੀ ਹਮਲੇ ਵਿਚ ਸੀਆਰਪੀਐਫ਼ ਦੇ 9 ਜਵਾਨ ਸ਼ਹੀਦ ਹੋ ਗਏ। ਲਗਭਗ ਸਾਢੇ 12 ਵਜੇ ਨਕਸਲੀਆਂ ਨੇ ਸੁਕਮਾ ਇਲਾਕੇ ਵਿਚ ਗਸ਼ਤ ਕਰ ਰਹੀ ਸੀਆਰਪੀਐਫ਼ ਦੇ ਵਾਹਨ ਨੂੰ ਧਮਾਕੇ ਨਾਲ ਉਡਾ ਦਿਤਾ ਜਿਸ ਕਾਰਨ 9 ਜਵਾਨ ਮਾਰੇ ਗਏ। ਇਸੇ ਥਾਂ 'ਤੇ ਪਹਿਲਾਂ ਵੀ ਕਈ ਜਵਾਨਾਂ ਨੂੰ ਮਾਰਿਆ ਜਾ ਚੁਕਾ ਹੈ। ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਇਸ ਹਮਲੇ ਵਿਚ ਨੌਂ ਜਵਾਨ ਮਾਰੇ ਜਾ ਚੁਕੇ ਹਨ ਜਦਕਿ ਦੋ ਹੋਰ ਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਨਕਸਲੀਆਂ ਨੇ ਸੀਆਰਪੀਐਫ਼ ਦੇ ਇਸ ਵਾਹਨ ਨੂੰ ਉਡਾਉਣ ਲਈ ਵੱਡੀ ਮਾਤਰਾ ਵਿਚ ਧਮਾਕਾਖ਼ੇਜ਼ ਸਮੱਗਰੀ ਦੀ ਵਰਤੋਂ ਕੀਤੀ।ਇਸ ਘਟਨਾ ਤੋਂ ਪਹਿਲਾਂ ਸਵੇਰੇ ਲਗਭਗ ਅੱਠ ਵਜੇ ਦੋਹਾ ਧਿਰਾਂ ਵਿਚਾਲੇ ਗੋਲੀਬਾਰੀ ਹੋਈ ਜਿਸ ਮਗਰੋਂ ਸਾਢੇ 12 ਵਜੇ ਨਕਸਲੀਆਂ ਨੇ ਸੀਆਰਪੀਐਫ਼ ਦੇ ਵਾਹਨ ਨੂੰ ਧਮਾਕੇ ਨਾਲ ਉਡਾ ਦਿਤਾ। ਨਕਸਲੀਆਂ ਨੇ ਬਾਰੂਦੀ ਸੁਰੰਗ ਵਿਚ ਧਮਾਕਾ ਕਰ ਕੇ ਐਂਟੀ ਲੈਂਡਮਾਈਨ ਵਾਹਨ ਨੂੰ ਉਡਾ ਦਿਤਾ। ਸਬੰਧਤ ਇਲਾਕੇ ਵਿਚ ਸੀਨੀਅਰ ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਦਾ ਦੌਰਾ ਸੀ ਜਿਸ ਕਾਰਨ ਦੋ ਐਂਟੀ ਲੈਂਡਮਾਈਨ ਵਾਹਨਾਂ ਵਿਚ ਸੀਆਰਪੀਐਫ਼ ਦੀ 211ਵੀਂ ਬਟਾਲੀਅਨ ਦੇ ਜਵਾਨ ਰਵਾਨਾ ਕੀਤੇ ਗਏ ਸਨ।

 ਵਾਹਨ ਜਦ ਕਿਸੇ ਪਿੰਡ ਦੇ ਜੰਗਲ ਵਿਚ ਸੀ ਤਾਂ ਨਕਸਲੀਆਂ ਨੇ ਸ਼ਕਤੀਸ਼ਾਲੀ ਧਮਾਕਾ ਕਰ ਕੇ ਵਾਹਨ ਨੂੰ ਉਡਾ ਦਿਤਾ। ਧਮਾਕੇ ਮਗਰੋਂ ਗੋਲੀਬਾਰੀ ਵੀ ਕੀਤੀ। ਦੂਜਾ ਵਾਹਨ ਕੁੱਝ ਦੂਰੀ 'ਤੇ ਸੀ। ਅੱਜ ਸਵੇਰੇ ਹੀ ਇਸੇ ਰਾਹ 'ਤੇ ਨਕਸਲੀਆਂ ਨੇ ਗਸ਼ਤ ਲਈ ਰਵਾਨਾ ਹੋਏ ਕੋਬਰਾ ਬਟਾਲੀਅਨ ਦੇ ਜਵਾਨਾਂ 'ਤੇ ਹਮਲਾ ਕੀਤਾ ਸੀ। ਹਮਲੇ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਨਕਸਲੀ ਉਥੋਂ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 11 ਮਾਰਚ ਨੂੰ ਜ਼ਿਲ੍ਹੇ ਦੇ ਭੇਜੀ ਇਲਾਕੇ ਵਿਚ ਨਕਸਲੀਆਂ ਨੇ 12 ਜਵਾਨਾਂ ਨੂੰ ਮਾਰ ਦਿਤਾ ਸੀ। ਨਕਸਲੀਆਂ ਨੇ ਗਸ਼ਤ ਕਰ ਰਹੇ ਜਵਾਨਾਂ ਦੇ ਵਾਹਨ ਨੂੰ ਧਮਾਕੇ ਨਾਲ ਉਡਾ ਦਿਤਾ ਸੀ। ਇਸੇ ਤਰ੍ਹਾਂ ਪਿਛਲੇ ਸਾਲ 24 ਅਪ੍ਰੈਲ ਨੂੰ ਸੁਕਮਾ ਵਿਚ ਜਵਾਨਾਂ ਦੇ ਵਾਹਨ ਨੂੰ ਉਡਾ ਕੇ ਪੈਰਾਮਿਲਟਰੀ ਫ਼ੋਰਸ ਦੇ 25 ਜਵਾਨਾਂ ਨੂੰ ਮਾਰ ਦਿਤਾ ਗਿਆ ਸੀ। ਦੂਜੇ ਪਾਸੇ, ਅੱਜ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ਼ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਰਦਾ ਉਠਾਉਣ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਕਸਲੀਆਂ ਵਲੋਂ ਕੀਤੇ ਗਏ ਇਸ ਹਮਲੇ ਨੂੰ ਮੰਦਭਾਗਾ ਕਰਾਰ ਦਿਤਾ। (ਪੀ.ਟੀ.ਆਈ.)