ਚੀਨ ਨੂੰ ਸੰਦੇਸ਼ - ਖੁੱਲ੍ਹੇ ਅਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਮਿਲ ਕੇ ਕੰਮ ਕਰਨਗੇ ਭਾਰਤ ਅਤੇ ਵੀਅਤਨਾਮ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 3 ਮਾਰਚ: ਭਾਰਤ ਅਤੇ ਵੀਅਤਨਾਮ ਨੇ ਇਕ ਸਮਰੱਥ ਅਤੇ ਨਿਯਮ ਆਧਾਰਤ ਖੇਤਰੀ ਸੁਰੱਖਿਆ ਵਿਵਸਥਾ ਨਾਲ ਖੁੱਲ੍ਹੇ ਅਤੇ ਖ਼ੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਮਿਲ ਕੇ ਕੰਮ ਕਰਨ ਦਾ ਅੱਜ ਅਹਿਦ ਪ੍ਰਗਟਾਇਆ। ਇਸ ਨੂੰ ਖੇਤਰ 'ਚ ਚੀਨ ਦੇ ਵਧਦੇ ਫ਼ੌਜੀ ਵਿਸਤਾਰ ਨੂੰ ਵੇਖਦਿਆਂ ਇਕ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਵਿਚਕਾਰ ਵਿਆਪਕ ਗੱਲਬਾਤ ਤੋਂ ਬਾਅਦ ਦੋਹਾਂ ਰਣਨੀਤਕ ਹਿੱਸੇਦਾਰਾਂ ਨੇ ਤੇਲ ਅਤੇ ਗੈਸ ਖੋਜ ਖੇਤਰ 'ਚ ਆਪਸੀ ਸਬੰਧ ਵਧਾਉਣ ਨਾਲ ਹੀ ਪ੍ਰਮਾਣੂ ਊਰਜਾ, ਵਪਾਰ ਅਤੇ ਖੇਤੀਬਾੜੀ ਖੇਤਰ 'ਚ ਤਿੰਨ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ।ਮੋਦੀ ਨੇ ਇਸ ਮੌਕੇ ਕਿਹਾ ਕਿ ਦੋਹਾਂ ਧਿਰਾਂ ਨੇ ਇਕ ਖੁੱਲ੍ਹੀ, ਸਮਰੱਥ ਅਤੇ ਨਿਯਮ ਆਧਾਰਤ ਖੇਤਰੀ ਵਿਵਸਥਾ ਲਈ ਅਹਿਦ ਪ੍ਰਟਾਇਆ ਹੈ ਅਤੇ ਨਾਲ ਹੀ ਸਮੁੰਦਰੀ ਖੇਤਰ 'ਚ ਸਹਿਯੋਗ ਅੱਗੇ ਵਧਾਉਣ ਉਤੇ ਜ਼ੋਰ ਦਿਤਾ ਹੈ।ਵੀਅਤਨਾਮ ਦੇ ਰਾਸ਼ਟਰਪਤੀ ਦੀ ਹਾਜ਼ਰੀ 'ਚ ਮੋਦੀ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ, ''ਅਸੀਂ ਮਿਲ ਕੇ ਇਕ ਖੁੱਲ੍ਹ, ਆਜ਼ਾਦ ਅਤੇ ਖ਼ੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਲਈ ਕੰਮ ਕਰਾਂਗੇ ਜਿਸ 'ਚ ਖ਼ੁਦਮੁਖਤਿਆਰੀ ਅਤੇ ਕੋਮਾਂਤਰੀ ਕਾਨੂੰਨ ਦਾ ਮਾਣ ਹੋਵੇਗਾ ਅਤੇ ਜਿੱਥੇ ਮਤਭੇਦਾਂ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇਗਾ।''