ਚੀਨ ਵੀ ਸਮਝਣ ਲੱਗੈ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ : ਰਾਜਨਾਥ

ਖ਼ਬਰਾਂ, ਰਾਸ਼ਟਰੀ

ਲਖਨਊ, 15 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਗੁਆਂਢੀ ਮੁਲਕ ਚੀਨ ਵੀ ਸਮਝਣ ਲੱਗਾ ਹੈ ਕਿ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ। ਰਾਜਨਾਥ ਸਿੰਘ ਨੇ ਇਥੇ ਭਾਰਤੀ ਲੋਧੀ ਮਹਾਂਸਭਾ ਦੇ ਇਕ ਪ੍ਰੋਗਰਾਮ 'ਚ ਡੋਕਲਾਮ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਨ ਨਾਲ ਜੁੜੇ ਵਿਵਾਦ ਹੱਲ ਕਰ ਲਏ ਗਏ ਹਨ।

ਉਨ੍ਹਾਂ ਕਿਹਾ, ''ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਚੀਨ ਵੀ ਸਮਝਣ ਲੱਗਾ ਹੈ ਕਿ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ। ਤਾਕਤ ਵਧੀ ਹੈ।'' ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਬਣੀ ਹੈ ਭਾਰਤ ਦੁਨੀਆਂ ਦਾ ਤਾਕਤਵਰ ਦੇਸ਼ ਬਣ ਗਿਆ ਹੈ ਅਤੇ ਕੋਮਾਂਤਰੀ ਮੰਚ 'ਤੇ ਭਾਰਤ ਦਾ ਇੱਜ਼ਤ ਵਧੀ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ 'ਚ ਅਤਿਵਾਦੀ ਭੇਜਦਾ ਹੈ। ਉਹ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਾਡੇ ਸੁਰੱਖਿਆ ਬਲ ਰੋਜ਼ ਪੰਜ ਜਾਂ ਦਸ ਅਤਿਵਾਦੀਆਂ ਨੂੰ ਢੇਰ ਕਰ ਰਹੇ ਹਨ। (ਪੀਟੀਆਈ)