ਚੀਨੀ ਸਫ਼ਾਰਤਖ਼ਾਨੇ ਨੇ ਮਾਨ ਕੌਰ ਦਾ ਵੀਜ਼ਾ ਠੁਕਰਾਇਆ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 26 ਸਤੰਬਰ: ਮਸ਼ਹੂਰ ਬਜ਼ੁਰਗ ਐਥਲੀਟ ਮਾਨ ਕੌਰ ਚੀਨ 'ਚ ਚਲ ਰਹੀ ਏਸ਼ੀਆਈ ਮਾਸਟਰਜ਼ ਐਥਲੈਟਿਕਸ 'ਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ ਚੀਨੀ ਸਫ਼ਾਰਤਖ਼ਾਨੇ ਨੇ ਇਸ ਆਧਾਰ 'ਤੇ ਉਸ ਦਾ ਵੀਜ਼ਾ ਠੁਕਰਾ ਦਿਤਾ ਕਿ ਖੇਡਾਂ ਦੇ ਆਰਗੇਨਾਈਜ਼ਰਾਂ ਵਲੋਂ ਉਸ ਨੂੰ ਵਿਅਕਤੀਗਤ ਸੱਦਾ ਨਹੀਂ ਦਿਤਾ ਗਿਆ ਸੀ।

ਚੰਡੀਗੜ੍ਹ ਦੀ 101 ਸਾਲਾਂ ਦੀ ਬਜ਼ੁਰਗ ਐਥਲੀਟ ਨੇ ਪਿੱਛੇ ਜਿਹੇ ਆਕਲੈਂਡ 'ਚ ਹੋਈਆਂ ਵਿਸ਼ਵ ਮਾਸਟਰਸਡ ਖੇਡਾਂ 'ਚ 100 ਮੀਟਰ ਦੀ ਦੌੜ 'ਚ ਸੋਨੇ ਦਾ ਤਮਗਾ ਜਿਤਿਆ ਸੀ। ਉਸ ਨੇ ਅਪਣੇ 79 ਸਾਲਾਂ ਦੇ ਪੁੱਤਰ ਗੁਰਦੇਵ ਸਿੰਘ ਨਾਲ ਚੀਨ ਦੇ ਰੁਗਾਉ 'ਚ ਚੱਲ ਰਹੀਆਂ ਖੇਡਾਂ 'ਚ ਸ਼ਿਰਕਤ ਕਰਨੀ ਸੀ। ਗੁਰਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਅਪਣੇ ਵੀਜ਼ਾ ਬਿਨੈ ਨਾਲ ਮਾਸਟਰਸ ਐਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ ਵਲੋਂ ਦਿਤੇ ਪੱਤਰ ਜੋੜੇ ਸਨ ਪਰ ਚੀਨੀ ਸਫ਼ਾਰਤਖ਼ਾਨੇ ਨੇ ਕਿਹਾ ਕਿ ਉਨ੍ਹਾਂ ਕੋਲ ਵਿਅਕਤੀਗਤ ਸੱਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ 24 ਸਤੰਬਰ ਨੂੰ ਸ਼ੁਰੂ ਹੋਣੀਆਂ ਸਨ ਅਤੇ 28 ਸਤੰਬਰ ਨੂੰ ਖ਼ਤਮ ਹੋਣੀਆਂ ਸਨ। ਮਾਨ ਮੌਕ 100 ਮੀਟ, 200 ਮੀਟਰ ਦੀ ਦੌੜ ਅਤੇ ਸਾਟਪੁਟ ਸੁੱਟਣ ਅਤੇ ਨੇਜ਼ਾ ਸੁੱਟਣ ਦੀਆਂ ਖੇਡਾਂ 'ਚ ਹਿੱਸਾ ਲੈਣ ਵਾਲੀ ਸੀ।  ਮਾਨ ਕੌਰ ਨੇ ਵੀ ਵੀਜ਼ਾ ਨਾ ਮਿਲਣ 'ਤੇ ਹੈਰਾਨੀ ਅਤੇ ਨਿਰਾਸ਼ਾ ਪ੍ਰਗਟਾਈ ਅਤੇ ਕਿਹਾ ਕਿ ਇਨ੍ਹਾਂ ਖੇਡਾਂ ਲਈ ਉਹ ਪਿਛਲੇ ਕਈ ਹਫ਼ਤਿਆਂ ਤੋਂ ਤਿਆਰੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਦੀ ਉਨ੍ਹਾਂ ਨਾਲ ਅਜਿਹਾ ਨਹੀਂ ਹੋਇਆ।

ਦੋਹਾਂ ਨੇ ਚੀਨ ਤੋਂ ਬਾਅਦ ਕੈਨੇਡਾ ਜਾਣਲਈ ਟਿਕਟਾਂ ਵੀ ਖ਼ਰੀਦ ਲਈਆਂ ਸਨ ਜਿਨ੍ਹਾਂ ਨੂੰ ਰੱਦ ਕਰਨਾ ਪਿਆ। ਕੈਨੇਡਾ 'ਚ ਮਾਨ ਮੌਰ ਨੂੰ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਮਿਲਣ ਵਾਲਾ ਹੈ। ਮਾਨ ਕੌਰ ਨੇ ਅਪਣੇ ਪੁੱਤਰ ਤੋਂ ਪ੍ਰੇਰਨਾ ਲੈ ਕੇ 93 ਸਾਲਾਂ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ ਸੀ। ਉਹ ਨਿਊਜ਼ੀਲੈਂਡ 'ਚ ਸੋਨੇ ਦੇ ਤਮਗੇ ਜਿੱਤ ਕੇ ਸੁਰਖ਼ੀਆਂ 'ਚ ਆ ਗਈ ਸੀ। ਉਸ ਨੇ 100 ਮੀਟਰ ਦੀ ਦੌੜ ਇਕ ਮਿੰਟ 14 ਸਕਿੰਟਾਂ 'ਚ ਪੂਰੀ ਕੀਤੀ ਸੀ।   (ਪੀਟੀਆਈ)