ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਸੁਰੇਸ਼ ਦੀ ਮ੍ਰਿਤਕ ਦੇਹ ਵਤਨ ਪੁੱਜੀ

ਖ਼ਬਰਾਂ, ਰਾਸ਼ਟਰੀ



ਅੰਮ੍ਰਿਤਸਰ, 9 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦੁਬਈ ਵਿਚ ਅਚਾਨਕ ਅਪਣੀ ਜਾਨ ਗੁਵਾ ਬੈਠੇ ਅੰਮ੍ਰਿਤਸਰ ਦੇ ਤੁੰਗਬਾਲਾ ਇਲਾਕੇ ਨਾਲ ਸਬੰਧਤ 31 ਸਾਲਾ ਨੌਜਵਾਨ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।

ਜ਼ਿਕਰਯੋਗ ਹੈ ਕਿ ਸੁਰੇਸ਼ ਕੁਮਾਰ ਬੀਤੀ 22 ਅਗੱਸਤ ਨੂੰ ਹੀ ਦੁਬਈ ਗਿਆ ਸੀ ਕਿ ਮਹਿਜ਼ ਕੁੱਝ ਦਿਨ ਬਾਅਦ ਭਾਵ 28 ਅਗੱਸਤ ਨੂੰ ਹੀ ਉਸ ਦੀ ਅਚਾਨਕ ਮੌਤ ਦੀ ਖ਼ਬਰ ਉਸ ਦੇ ਪਰਵਾਰ ਨੂੰ ਮਿਲ ਗਈ ਸੀ। ਪਰਵਾਰ ਵਲੋਂ ਅਪਣੇ 'ਤੇ ਟੁੱਟੇ ਇਸ ਕਹਿਰ ਬਾਰੇ ਜਦ ਡਿਪਟੀ

ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨਾਲ ਸੰਪਰਕ ਕੀਤਾ ਤਾਂ ਸ. ਸੰਘਾ ਵਲੋਂ ਦੁਬਈ ਵਿਖੇ ਸ.ਓਬਰਾਏ ਨਾਲ ਸੰਪਰਕ ਕਰ ਕੇ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਵਾਪਸ ਲੈ ਕੇ ਆਉਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਜਿਸ 'ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਵੀ ਖ਼ੁਦ ਆਪ ਡਾ. ਓਬਰਾਏ ਦੁਬਈ ਤੋਂ ਭਾਰਤ ਲੈ ਕੇ ਆਏ ਹਨ।

ਹਵਾਈ ਅੱਡੇ 'ਤੇ ਨੌਜਵਾਨ ਦਾ ਮ੍ਰਿਤਕ ਸਰੀਰ ਤੇ ਮ੍ਰਿਤਕ ਨਾਲ ਸਬੰਧਤ ਜ਼ਰੂਰੀ ਕਾਗ਼ਜ਼ਆਤ ਤੇ ਪਰਸ ਆਦਿ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਓਬਰਾਏ ਨੇ ਦਸਿਆ ਕਿ ਉਕਤ ਨੌਜਵਾਨ ਦੀ ਮੌਤ ਕੰਮ ਦੌਰਾਨ ਵਾਪਰੇ ਇਕ ਹਾਦਸੇ ਦੌਰਾਨ ਹੋਈ ਹੈ। ਸਰਬੱਤ ਦਾ ਭਲਾ ਟਰੱਸਟ ਵਲੋਂ ਹੁਣ ਤਕ ਵੱਖ-ਵੱਖ ਧਰਮਾਂ ਦੇ 48 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾਏ ਜਾ ਚੁੱਕੇ ਹਨ। ਇਸ ਸੱਭ ਲਈ ਹਮੇਸ਼ਾ ਡੁਬਈ ਵਿਚ ਇੰਡੀਆ ਕਾਊਂਸਲੇਟ ਮਿਸਟਰ ਪਾਠਕ ਦਾ ਵੀ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਮੌਕੇ 'ਤੇ ਮੌਜੂਦ ਮ੍ਰਿਤਕ ਦੇ ਪਿਤਾ ਬਲਕਾਰ ਮਸੀਹ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਯਤਨਾਂ ਸਦਕਾ ਹੀ ਅਪਣੇ ਪੁੱਤਰ ਦੇ ਅੰਤਮ ਦਰਸ਼ਨ ਕਰ ਸਕੇ ਹਨ।

 ਇਸ ਮੌਕੇ ਟਰੱਸਟ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਰੌਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸ. ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ ਤੋਂ ਇਲਾਵਾ ਮ੍ਰਿਤਕ ਦੇ ਪਰਵਾਰਕ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।