ਸ੍ਰੀਨਗਰ, 16
ਸਤੰਬਰ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਦੀ ਅਗਵਾਈ ਵਿਚ ਕਾਂਗਰਸ ਦੇ ਇਕ ਦਲ ਨੇ ਕੇਂਦਰ
ਅਤੇ ਜੰਮੂ ਕਸ਼ਮੀਰ ਸਰਕਾਰ ਨੂੰ ਵੱਖਵਾਦੀਆਂ ਨਾਲ ਗੱਲਬਾਤ ਦਾ ਰਾਹ ਖੁਲ੍ਹਾ ਰੱਖਣ ਲਈ ਕਿਹਾ
ਹੈ।
ਘਾਟੀ ਵਿਚ ਮੌਜੂਦਾ ਹਾਲਾਤ ਬਾਬਤ ਕਈ ਬੈਠਕਾਂ ਵਿਚ ਸ਼ਾਮਲ ਹੋਣ ਲਈ ਪਾਰਟੀ ਦਾ
ਵਫ਼ਦ ਅੱਜ ਦੋ ਦਿਨਾ ਦੌਰੇ 'ਤੇ ਕਸ਼ਮੀਰ ਪਹੁੰਚਿਆ। ਸ੍ਰੀਨਗਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ
ਰਾਜ ਵਿਚ ਵੱਡੇ ਪੱਧਰ 'ਤੇ ਹਿੰਸਾ ਫੈਲਣ ਕਾਰਲ ਅਪ੍ਰੈਲ ਵਿਚ ਕਾਂਗਰਸ ਦੇ 'ਨੀਤੀ ਅਤੇ
ਯੋਜਨਾ' ਸਮੂਹ ਦਾ ਗਠਨ ਕੀਤਾ ਗਿਆ ਸੀ।
ਇਸ ਸਮੂਹ ਦੇ ਹੋਰ ਮੈਂਬਰਾਂ ਵਿਚ ਰਾਜ ਸਭਾ
ਵਿਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ, ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਅਤੇ
ਪਾਰਟੀ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਵੀ ਸ਼ਾਮਲ ਹਨ। ਪਾਰਟੀ ਦੇ ਬੁਲਾਰੇ ਨੇ ਦਸਿਆ ਕਿ
ਇਥੇ ਪਹੁੰਚਣ ਤੋਂ ਤੁਰਤ ਬਾਅਦ ਸਮੂਹ ਨੇ ਹਰੀ ਨਿਵਾਸ 'ਤੇ ਜੰਮੂ ਕਸ਼ਮੀਰ ਕਾਂਗਰਸ ਕਮੇਟੀ
ਦੀ ਬੈਠਕ ਕੀਤੀ।
ਉਨ੍ਹਾਂ ਦਸਿਆ ਕਿ ਸਮੂਹ ਨੇ ਵਿਰੋਧੀ ਪਾਰਟੀਆਂ ਸਮੇਤ ਕਸ਼ਮੀਰ ਦੇ ਵੱਖ ਵੱਖ ਵਫ਼ਦਾਂ ਨਾਲ ਬੈਠਕ ਕਰਨੀ ਹੈ।
ਗ਼ੁਲਾਮ
ਨਬੀ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਤੋਂ ਇਲਾਵਾ ਰਾਜ
ਸਰਕਾਰ ਨੂੰ ਵੀ ਵੱਖਵਾਦੀਆਂ ਨਾਲ ਗੱਲਬਾਤ ਦਾ ਰਾਹ ਖੁਲ੍ਹਾ ਰਖਣਾ ਚਾਹੀਦਾ ਹੈ। (ਏਜੰਸੀ)