ਦੰਗਿਆਂ ਦੀ ਦੋਸ਼ੀ ਨੂੰ ਬਚਾਉਣ ਅਦਾਲਤ ਪਹੁੰਚੇ ਭਾਜਪਾ ਪ੍ਰਧਾਨ

ਖ਼ਬਰਾਂ, ਰਾਸ਼ਟਰੀ



ਅਹਿਮਦਾਬਾਦ, 18 ਸਤੰਬਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਵਿਸ਼ੇਸ਼ ਅਦਾਲਤ ਨੂੰ ਦਸਿਆ ਕਿ 28 ਫ਼ਰਵਰੀ, 2002 ਨੂੰ ਨਰੌਦਾ ਗਾਮ ਵਿਚ ਹੋਏ ਦੰਗਿਆਂ ਦੀ ਸਵੇਰ ਉਹ ਗੁਜਰਾਤ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ  ਨੂੰ ਵਿਧਾਨ ਸਭਾ ਅਤੇ ਬਾਅਦ ਵਿਚ ਹਸਪਤਾਲ ਵਿਚ ਵੀ ਮਿਲੇ ਸੀ। ਦੰਗਾ ਮਾਮਲਿਆਂ ਵਿਚ ਮੁਲਜ਼ਮ ਕੋਡਨਾਨੀ ਦੀ ਬੇਨਤੀ 'ਤੇ ਸ਼ਾਹ ਬਚਾਅ ਧਿਰ ਦੇ ਗਵਾਹ ਵਜੋਂ ਅੱਜ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਨੂੰ ਪਿਛਲੇ ਦਿਨੀਂ ਸੰਮਨ ਭੇਜਿਆ ਗਿਆ ਸੀ।

ਕੋਡਨਾਨੀ 'ਤੇ ਹਤਿਆ ਅਤੇ ਦੰਗੇ ਕਰਵਾਉਣ ਸਮੇਤ ਵੱਖ ਵੱਖ ਦੋਸ਼ਾਂ ਤਹਿਤ ਮੁਕੱਦਮੇ ਚੱਲ ਰਹੇ ਹਨ ਅਤੇ ਉਸ ਨੂੰ 28 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਸ਼ਾਹ ਨੇ ਜੱਜ ਪੀ. ਬੀ. ਦੇਸਾਈ ਦੀ ਅਦਾਲਤ ਵਿਚ ਦਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਦਰ ਹਸਪਤਾਲ ਵਿਚ ਪੁਲਿਸ ਦੁਆਰਾ ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਮਾਇਆ ਕੋਡਨਾਨੀ ਕਿਥੇ ਗਈ? ਪੁਲਿਸ ਉਸ ਨੂੰ ਅਤੇ ਮਾਇਆ ਕੋਡਨਾਨੀ ਨੂੰ ਸੁਰੱਖਿਅਤ ਥਾਂ 'ਤੇ ਲੈ ਗਈ ਸੀ ਕਿਉਂਕਿ ਭੜਕੀ ਭੀੜ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਘੇਰ ਲਿਆ ਸੀ।

ਰੇਲ ਅਗਨੀਕਾਂਡ ਤੋਂ ਇਕ ਦਿਨ ਬਾਅਦ 28 ਫ਼ਰਵਰੀ, 2002 ਨੂੰ ਨਰੌਦਾ ਗਾਮ (ਅਹਿਮਦਾਬਾਦ ਦਾ ਬਾਹਰੀ ਇਲਾਕਾ) ਵਿਚ 11 ਮੁਸਲਮਾਨਾਂ ਦੀ ਹਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਵਿਚ ਕੁਲ 82 ਜਣਿਆਂ ਵਿਰੁਧ ਸੁਣਵਾਈ ਹੋ ਰਹੀ ਹੈ। ਸਾਲ 2002 ਵਿਚ ਸ਼ਾਹ ਅਤੇ ਕੋਡਨਾਨੀ ਦੋਵੇਂ ਹੀ ਭਾਜਪਾ ਵਿਧਾਇਕ ਸਨ। ਕੋਡਨਾਨੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਸ਼ਾਹ ਨੂੰ ਬਚਾਅ ਧਿਰ ਦੇ ਗਵਾਹ ਵਜੋਂ ਸੰਮਨ ਕਰੇ ਤਾਕਿ ਉਨ੍ਹਾਂ ਦੇ ਇਸ 'ਬਿਆਨ' ਦੀ ਪੁਸ਼ਟੀ ਹੋ ਸਕੇ ਕਿ ਉਹ ਦੰਗਿਆਂ ਵਾਲੇ ਦਿਨ ਪਹਿਲਾਂ ਵਿਧਾਨ ਸਭਾ ਅਤੇ ਬਾਅਦ ਵਿਚ ਸੋਲਾ ਸਦਰ ਹਸਪਤਾਲ ਵਿਚ ਸੀ ਅਤੇ ਨਰੌਦਾ ਗਾਮ ਵਿਚ ਮੌਜੂਦ ਨਹੀਂ ਸੀ ਜਿਥੇ ਦੰਗੇ ਹੋਏ ਸਨ। ਸ਼ਾਹ ਨੇ ਅਦਾਲਤ ਨੂੰ ਕਿਹਾ ਕਿ 28 ਫ਼ਰਵਰੀ 2002 ਨੂੰ ਉਹ ਵਿਧਾਨ ਸਭਾ ਇਜਲਾਸ ਵਿਚ ਹਿੱਸਾ ਲੈਣ ਲਈ ਉਥੇ ਗਏ ਸਨ।

ਸੈਸ਼ਨ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਸੀ ਅਤੇ ਕੋਡਨਾਨੀ ਸਦਨ ਵਿਚ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਸਾਬਰਮਤੀ ਐਕਸਪ੍ਰੈਸ ਦੇ ਡੱਬੇ ਐਸ 6 ਨੂੰ ਸਾੜਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਸੀ। ਇਕ ਦਿਨ ਪਹਿਲਾਂ ਵਾਪਰੀ ਘਟਨਾ ਵਿਚ 59 ਕਾਰਸੇਵਕ ਸੜ ਕੇ ਮਰ ਗਏ ਸਨ। ਸ਼ਾਹ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਕਿ ਕਾਰਸੇਵਕਾਂ ਦੀਆਂ ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਹਨ, ਉਹ ਹਸਪਤਾਲ ਗਏ।
ਸ਼ਾਹ ਨੇ ਅਦਾਲਤ ਨੂੰ ਦਸਿਆ, 'ਸੋਲਾ ਸਦਰ ਹਸਪਤਾਲ ਮੇਰੇ ਵਿਧਾਨ ਸਭਾ ਇਲਾਕੇ ਵਿਚ ਆਉਂਦਾ ਹੈ, ਮੈਂ ਸਵੇਰੇ ਸਾਢੇ ਨੌਂ ਤੋਂ ਪੌਣੇ ਦਸ ਵਜੇ ਵਿਚਕਾਰ ਉਥੇ ਪਹੁੰਚਿਆ। ਮਾਇਆ ਕੋਡਨਾਨੀ ਸਾਥੋਂ ਪਹਿਲਾਂ ਸੋਲਾ ਸਦਰ ਹਸਪਤਾਲ ਵਿਚ ਮਿਲੀ। ਭੀੜ ਕਾਰਸੇਵਕਾਂ ਦੀ ਹਤਿਆ ਕਾਰਨ ਗੁੱਸੇ ਵਿਚ ਸੀ ਅਤੇ ਲੋਕਾਂ ਨੇ ਸਾਨੂੰ ਘੇਰ ਲਿਆ ਸੀ। ਪੁਲਿਸ ਕੋਡਨਾਨੀ ਨੂੰ ਹਸਪਤਾਲ ਤੋਂ ਬਾਹਰ ਸੁਰੱਖਿਅਤ ਕੱਢ ਰਹੀ ਸੀ। ਜਦ ਸਵਾ ਗਿਆਰਾਂ ਤੋਂ ਸਾਢੇ ਗਿਆਰਾਂ ਵਿਚਕਾਰ ਮੈਂ ਪਹਿਲੀ ਵਾਰ ਉਸ ਨੂੰ ਵੇਖਿਆ।' ਸ਼ਾਹ ਨੇ ਕਿਹਾ, 'ਮਾਇਆਬੇਨ ਨਾਲ ਮੈਨੂੰ ਵੀ ਜੀਪ ਵਿਚ ਬਿਠਾ ਕੇ ਬਾਹਰ ਛੱਡ ਦਿਤਾ ਗਿਆ। ਫਿਰ ਮੈਂ ਅਪਣੇ ਘਰ ਚਲਾ ਗਿਆ ਅਤੇ ਮੈਨੂੰ ਨਹੀਂ ਪਤਾ ਕਿ ਉਹ ਕਿਥੇ ਗਈ।' ਕੋਡਨਾਨੀ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚ ਮੰਤਰੀ ਸੀ। (ਏਜੰਸੀ)