ਗੋਰਖਪੁਰ,
2 ਸਤੰਬਰ : ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਪਿਛਲੇ ਦਿਨੀਂ ਹੋਈ 30 ਬੱਚਿਆਂ ਦੀ ਮੌਤ
ਦੇ ਮਾਮਲੇ ਵਿਚ ਗੋਰਖਪੁਰ ਤੋਂ ਡਾ. ਕਫ਼ੀਲ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ਾਨ
ਨੂੰ ਇਸ ਹਾਦਸੇ ਤੋਂ ਬਾਅਦ ਉਸ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਸੀਨੀਅਰ ਪੁਲਿਸ
ਅਧਿਕਾਰੀ ਨੇ ਦਸਿਆ ਕਿ ਕਫ਼ੀਲ ਖ਼ਾਨ ਨੂੰ ਅੱਜ ਸਵੇਰੇ 9 ਵਜੇ ਗੋਰਖਪੁਰ ਤੋਂ ਗ੍ਰਿਫ਼ਤਾਰ
ਕੀਤਾ ਗਿਆ। ਇਸੇ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਹਸਪਤਾਲ ਵਿਚ 13 ਹੋਰ ਬੱਚਿਆਂ ਦੀ
ਮੌਤ ਹੋ ਗਈ ਹੈ। ਇਹ ਜਾਣਕਾਰੀ ਕਾਲਜ ਦੇ ਨਵੇਂ ਪ੍ਰਿੰਸੀਪਲ ਡਾ. ਪੀ ਕੇ ਸਿੰਘ ਨੇ ਦਿਤੀ।
10 ਬੱਚੇ ਆਈਸੀਯੂ ਵਿਚ ਸਨ। ਹਸਪਤਾਲ ਵਿਚ 53 ਹੋਰ ਬੱਚੇ ਦਾਖ਼ਲ ਹਨ। ਤਾਜ਼ਾ ਮੌਤਾਂ ਦਿਮਾਗ਼ੀ
ਬੁਖ਼ਾਰ ਦੇ ਪੀੜਤ ਬੱਚਿਆਂ ਦੇ ਵਾਰਡ ਵਿਚ ਨਹੀਂ ਹੋਈਆਂ।
ਕਫ਼ੀਲ ਖ਼ਾਨ ਬਾਬਾ ਰਾਘਵਦਾਸ
ਮੈਡੀਕਲ ਕਾਲਜ 'ਚ 10 ਬਿਸਤਰਿਆਂ ਵਾਲੇ ਏਈਐਸ ਵਾਰਡ ਦਾ ਨੋਡਲ ਅਫ਼ਸਰ ਸੀ। ਹਸਪਤਾਲ ਵਿਚ
ਕੁੱਝ ਦਿਨਾਂ ਦੌਰਾਨ 60 ਬੱਚਿਆਂ ਦੀਆਂ ਮੌਤਾਂ ਹੋਈਆਂ ਸਨ। ਵਿਸ਼ੇਸ਼ ਜਾਂਚ ਟੀਮ (ਐਸਟੀਐਫ਼)
ਵਲੋਂ ਇਸ ਮਾਮਲੇ ਵਿਚ ਕੀਤੀ ਗਈ ਇਹ ਤੀਜੀ ਗ੍ਰਿਫ਼ਤਾਰੀ ਹੈ।
ਮੈਡੀਕਲ ਕਲਾਜ ਦੇ ਸਾਬਕਾ
ਪ੍ਰਿੰਸੀਪਲ ਰਾਜੀਵ ਮਿਸ਼ਰਾ ਅਤੇ ਉਸ ਦੀ ਪਤਨੀ ਪੂਰਨੀਮਾ ਸ਼ੁਕਲਾ ਨੂੰ 29 ਅਗੱਸਤ ਨੂੰ
ਪੁੱਛ ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਸੀ। ਮਿਸ਼ਰਾ ਅਤੇ ਉਸ ਦੀ ਡਾਕਟਰ ਪਤਨੀ ਦਾ ਨਾਮ
ਐਫ਼ਆਈਆਰ ਵਿਚ ਦਰਜ ਸੀ ਜਿਹੜੀ ਯੂਪੀ ਸਰਕਾਰ ਨੇ ਦਰਜ ਕਰਵਾਈ ਸੀ। ਇਸ ਜੋੜੀ ਨੂੰ ਕਾਨਪੁਰ
ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਥੇ ਉਹ ਵਕੀਲ ਦੀ ਸਲਾਹ ਲੈਣ ਗਏ ਹੋਏ ਸਨ।
ਕਲ ਵਧੀਕ
ਸ਼ੈਸ਼ਨ ਜੱਜ ਸ਼ਿਵਾਨੰਦ ਸਿੰਘ ਨੇ ਐਫ਼ਆਈਆਰ ਵਿਚ ਨਾਮਜ਼ਦ 9 ਜਣਿਆਂ ਵਿਰੁਧ ਵਾਰੰਟ ਜਾਰੀ ਕੀਤਾ
ਸੀ। ਉਕਤ ਜੋੜੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ। ਮਿਸ਼ਰਾ
ਨੂੰ 12 ਅਗੱਸਤ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਦੋਸ਼ ਲੱਗੇ ਸਨ ਕਿ ਬੱਚਿਆਂ ਦੇ ਵਾਰਡ
ਵਿਚ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਮੌਤਾਂ ਹੋਈਆਂ ਸਨ। ਆਕਸੀਜਨ ਸਪਲਾਈ ਕਰਨ ਵਾਲੇ
ਨੂੰ ਕਈ ਮਹੀਨਿਆਂ ਤੋਂ ਪੈਸੇ ਨਹੀਂ ਦਿਤੇ ਗਏ ਸਨ, ਇਸ ਲਈ ਉਸ ਨੇ ਆਕਸੀਜਨ ਦੀ ਸਪਲਾਈ
ਨਹੀਂ ਦਿਤੀ ਸੀ। ਅਲਾਹਾਬਾਦ ਹਾਈ ਕੋਰਟ ਨੇ ਵੀ ਮੈਡੀਕਲ ਕਾਲਜ 'ਚ ਬੁਨਿਆਦੀ ਢਾਂਚੇ ਅਤੇ
ਡਾਕਟਰੀ ਸਹੂਲਤਾਂ ਬਾਰੇ ਵਿਸਥਾਰਤ ਰੀਪੋਰਟ ਮੰਗੀ ਸੀ। (ਪੀਟੀਆਈ)