ਦੇਖਣ ਵਾਲੀ ਹਰ ਅੱਖ ਰੋਈ, ਜਦੋਂ ਭੈਣ ਨੇ ਸ਼ਮਸ਼ਾਨ ਘਾਟ 'ਚ ਭਰਾ ਦੇ ਸਿਰ ਬੰਨ੍ਹਿਆ ਸਿਹਰਾ…

ਖ਼ਬਰਾਂ, ਰਾਸ਼ਟਰੀ

ਜਲੰਧਰ ਦੇ ਦੀਪ ਨਗਰ ਸ਼ਮਸ਼ਾਨ ਘਾਟ ਵਿੱਚ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਇਸ ਭੈਣ ਸ਼ਰਣਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਵੇਗਾ ਕਿ ਉਹ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਘੋਡ਼ੀ ਉੱਤੇ ਚਡ਼੍ਹਿਆ ਦੇਖੇਗੀ। ਪਰ ਕਿਸ ਨੂੰ ਪਤਾ ਸੀ ਕਿ ਇਹ ਮੌਕਾ ਤਾਂ ਆਵੇਗਾ, ਪਰ ਭਰਾ ਘੋਡ਼ੀ ਉੱਤੇ ਨਹੀਂ ਚਾਰ ਮੋਢਿਆਂ ਉੱਤੇ ਹੋਵੇਗਾ। ਅੱਜ ਇਸ ਭੈਣ ਨੇ ਆਪਣੇ ਭਰਾ ਨੂੰ ਵਿਦਾ ਕਰਦੇ ਹੋਏ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਜਿਸ ਭਰਾ ਦੇ ਵਿਆਹ ਦੇ ਸੁਪਨੇ ਉਸਨੇ ਦੇਖੇ ਸਨ, ਉਸਨੂੰ ਇਸ ਤਰੀਕੇ ਨਾਲ ਅੰਤਿਮ ਵਿਦਾਈ ਦੇਣੀ ਪਵੇਗੀ।

ਇਸਦਾ ਭਰਾ ਅੱਜ ਤੋਂ ਕਰੀਬ 3 ਸਾਲ ਪਹਿਲਾਂ ਅਮਰੀਕਾ ਦੇ ਮਿੱਸੀਸਿਪੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਗਿਆ ਸੀ ਅਤੇ ਉਥੇ ਹੀ ਪੱਕਾ ਵੀ ਹੋ ਗਿਆ ਸੀ। ਜਿੱਥੇ ਇੱਕ ਪਾਸੇ ਭਰਾ ਕਹਿੰਦਾ ਸੀ ਕਿ ਮੈਂ ਆਪਣੀ ਭੈਣ ਦਾ ਵਿਆਹ ਅਜਿਹਾ ਕਰਵਾਂਗਾ ਕਿ ਪੂਰੀ ਦੁਨੀਆ ਦੇਖੇਗੀ, ਉਥੇ ਹੀ ਭੈਣ ਨੂੰ ਵੀ ਇਹੀ ਚਾਅ ਸੀ ਕਿ ਉਸਦੇ ਭਰਾ ਦੇ ਵਿਆਹ ਹੋਵੇ ਅਤੇ ਉਹ ਆਪਣੇ ਸਾਰੇ ਸ਼ੌਕ ਪੂਰੇ ਕਰੇ।

ਪਰ ਸ਼ਾਇਦ ਕਿਸਮਤ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਅੱਜ ਜੋ ਕੁੱਝ ਵੀ ਇੱਥੇ ਮੌਜੂਦ ਲੋਕਾਂ ਨੇ ਦੇਖਿਆ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਦੀਆਂ ਅੱਖਾਂ ਵਿੱਚ ਹੰਝੂ ਨਾ ਆਏ ਹੋਣ। ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਦੀ ਚਿਤਾ ਨੂੰ ਅਗਨੀ ਵਿਖਾਈ, ਉਹ ਇੱਕ ਪੁਲਿਸ ਮੁਲਾਜ਼ਮ ਹਨ।

ਵਿਦੇਸ਼ੀ ਦੇਸ਼ਾਂ ‘ਚ ਭਾਰਤੀ ਮੂਲ ਦੇ ਨੌਜਵਾਨਾਂ ਦੇ ਕਤਲ ਦੇ ਸਿਲਸਿਲੇ ਦਿਨੋ ਦਿਨ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ ‘ਚ ਦੇਖਣ ਨੂੰ ਮਿਲਿਆ ਹੈ। ਅਮਰੀਕਾ ਦੇ ਜੈਕਸਨ ਸ਼ਹਿਰ ਵਿਚ ਇਕ 21 ਸਾਲਾ ਪੰਜਾਬੀ ਨੌਜਵਾਨ ਦੀ ਲੁਟੇਰਿਆਂ ਵੱਲੋ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।