ਚੰਡੀਗੜ੍ਹ, 13 ਸਤੰਬਰ: ਡੇਰਾ
ਸਿਰਸਾ ਵਿਖੇ ਕਈ ਅਧਿਕਾਰੀਆਂ ਵਲੋਂ ਜਾਂਚ ਕੀਤੇ ਜਾਣ ਤੋਂ ਪਹਿਲਾਂ ਕੰਪਿਊਟਰ ਨਾਲ ਛੇੜਛਾੜ
ਕਰਨ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਡੇਰੇ ਦੇ ਆਈ.ਟੀ. ਮੁਖੀ ਵਿਨੀਤ ਕੁਮਾਰ ਨੂੰ
ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਡੇਰੇ ਦਾ ਮੁਖੀ ਸੌਦਾ ਸਾਧ ਦੋ ਸਾਧਵੀਆਂ ਨਾਲ
ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ।
ਸਿਰਸਾ ਦੇ ਐਸ.ਪੀ. ਅਸ਼ਵਿਨ
ਸ਼ੇਨਵੀ ਨੇ ਦਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਨੀਤ ਕੁਮਾਰ ਦੀ ਨਿਸ਼ਾਨਦੇਹੀ 'ਤੇ
ਡੇਰੇ ਵਿਚੋਂ ਕੰਪਿਊਟਰ ਦੀਆਂ 60 ਹਾਰਡ ਡਿਸਕਾਂ ਬਰਾਮਦ ਕੀਤੀਆਂ ਹਨ। ਜਾਂਚ ਵਿਚ ਇਹ
ਸਾਹਮਣੇ ਆਇਆ ਹੈ ਕਿ ਡੇਰੇ ਦੇ ਪ੍ਰਬੰਧਕਾਂ ਨੇ ਡੇਰੇ ਵਿਚ ਭਾਲ ਮੁਹਿੰਮ ਤੋਂ ਪਹਿਲਾਂ
ਜ਼ਿਆਦਾਤਰ ਹਾਰਡ ਡਿਸਕਾਂ ਬਦਲ ਦਿਤੀਆਂ ਸਨ। ਉਨ੍ਹਾਂ ਕਿਹਾ ਕਿ ਵਿਨੀਤ ਵਲੋਂ ਡੇਰੇ ਦੇ
ਕੰਪਿਊਟਰਾਂ ਬਾਰੇ ਸਹੀ ਜਾਣਕਾਰੀ ਨਾ ਦਿਤੇ ਜਾਣ ਤੋਂ ਬਾਅਦ ਉਸ ਨੂੰ ਸਿਰਸਾ ਪੁਲਿਸ ਨੇ
ਪੁਛ-ਪੜਤਾਲ ਕਰਨ ਲਈ ਸੰਮਨ ਭੇਜਿਆ ਸੀ।
ਉਧਰ ਪੁਲਿਸ ਸੌਦਾ ਸਾਧ ਨੂੰ ਸਜ਼ਾ ਸੁਣਾਏ ਜਾਣ
ਤੋਂ ਬਾਅਦ ਭੜਕੀ ਹਿੰਸਾ ਦੇ ਮਾਮਲੇ 'ਚ ਛੇਤੀ ਹੀ ਡੇਰਾ ਮੁਖੀ ਵਿਪਾਸਨਾ ਇੰਸਾ ਕੋਲੋਂ
ਪੁੱਛ-ਪੜਤਾਲ ਕਰੇਗੀ। ਸੌਦਾ ਸਾਧ ਦੇ ਸੰਭਾਵਤ ਉੱਤਰਅਧਿਕਾਰੀਆਂ 'ਚ ਵਿਪਾਸਨਾ ਵੀ ਸ਼ਾਮਲ
ਹੈ। ਪੁਲਿਸ ਨੇ ਕਿਹਾ ਕਿ ਉਹ ਸੌਦਾ ਸਾਧ ਦੀ ਵਿਸ਼ਵਾਸਪਾਤਰ ਅਤੇ ਮੂੰਹਬੋਲੀ ਬੇਟੀ
ਹਨੀਪ੍ਰੀਤ ਅਤੇ ਡੇਰੇ ਦੇ ਮੁੱਖ ਅਹੁਦੇਦਾਰ ਆਦਿਤਿਆ ਇੰਸਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ
ਹੈ ਅਤੇ ਉਸ ਦਾ ਮੰਨਣਾ ਹੈ ਕਿ ਉਹ ਅਜੇ ਵੀ ਦੇਸ਼ ਅੰਦਰ ਹੀ ਹਨ।
ਇਸ ਦੌਰਾਨ ਪੁਲਿਸ ਨੇ
ਡੇਰੇ ਸਿਰਸੇ ਨਾਲ ਸਬੰਧਤ ਐਸ.ਯੂ.ਵੀ. ਦੇ ਡਰਾਈਵਰ ਹਰਮੇਲ ਸਿੰਘ ਨੂੰ ਵੀ ਗ੍ਰਿਫ਼ਤਾਰ
ਕੀਤਾ ਹੈ। ਇਸ ਵਾਹਨ ਨੂੰ ਪੁਲਿਸ ਨੇ 28 ਅਗੱਸਤ ਨੂੰ ਫੂਲਕਾਂ ਪਿੰਡ ਦੇ ਨੇੜੇ ਤੋਂ ਬਰਾਮਦ
ਕੀਤਾ ਸੀ। ਹਰਮੇਲ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ
ਕਿ ਹਰਮੇਲ ਸਿੰਘ ਨੂੰ ਸਬੂਤ ਖ਼ਤਮ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ
ਅੱਜ ਅੰਬਾਲਾ ਤੋਂ ਡੇਰੇ ਮੈਂਬਰ ਭਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 14 ਲੱਖ
ਰੁਪਏ ਬਰਾਮਦ ਕੀਤੇ ਹਨ। (ਪੀ.ਟੀ.ਆਈ.)