ਡੇਰੇ ਦੀ ਕਿਲ੍ਹਾਬੰਦੀ ਕੀਤੀ ਹੈ, ਅੰਦਰ ਏ.ਕੇ.47 ਦਾ ਜ਼ਖੀਰਾ: ਤੂਰ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 30 ਅਗੱਸਤ (ਜੀ.ਸੀ. ਭਾਰਦਵਾਜ) : ਪੰਜ ਦਿਨ ਪਹਿਲਾਂ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਉਪਰੰਤ ਅਤੇ ਸੋਮਵਾਰ ਨੂੰ 20 ਸਾਲ ਦੀ ਸਜ਼ਾ ਸੁਣਾਉਣ ਮਗਰੋਂ ਹੁਣ ਡੇਰਾ ਪੀੜਤ ਵਿਅਕਤੀ ਸਾਹਮਣੇ ਆ ਕੇ ਖ਼ੌਫਨਾਕ ਕਹਾਣੀਆਂ ਤੇ ਦਰਦਨਾਕ ਕਿੱਸੇ ਸੁਣਾਉਣ ਲੱਗ ਪਏ ਹਨ।
ਅੱਜ ਇਥੇ ਪ੍ਰੈੱਸ ਕਲੱਬ 'ਚ ਮੀਡੀਆ ਸਾਹਮਣੇ ਸਿਰਸਾ ਡੇਰੇ ਦੀਆਂ ਕਰਤੂਤਾਂ ਤੇ ਬਾਬੇ ਦੇ ਕੁਕਰਮਾਂ ਦੀਆਂ ਘਟਨਾਵਾਂ ਬਾਰੇ ਦਸਦਿਆਂ ਗੁਰਦਾਸ ਸਿੰਘ ਤੂਰ ਨੇ ਕਿਹਾ ਕਿ 20 ਏਕੜ 'ਚ ਵਸਾਏ ਤੇ ਉਸਾਰੇ ਇਸ ਧਾਰਮਕ ਰੂਪੀ ਕਿਲ੍ਹੇ 'ਚ ਏ.ਕੇ. 47 ਰਾਈਫ਼ਲਾਂ ਦਾ ਜ਼ਖੀਰਾ ਹੈ। ਕਈ ਕਿਸਮਾਂ ਦੇ ਹਥਿਆਰ, ਦੇਸੀ-ਵਿਦੇਸ਼ੀ ਅਸਲਾ ਹੈ, ਜੋ ਸਾਰਾ ਕੁੱਝ ਗੁਪਤ ਹੈ।
ਤੂਰ ਦਾ ਕਹਿਣਾ ਹੈ ਕਿ ਸੌਦਾ ਸਾਧ ਨੇ ਅਪਣੇ ਬਦਮਾਸ਼, ਗੁੰਡੇ, ਹਥਿਆਰਬੰਦ ਜਵਾਨ ਅਤੇ ਸਾਧੂ 20 ਹਜ਼ਾਰ ਤੋਂ ਵੱਧ ਪਾਲ ਰੱਖੇ ਸਨ ਜਿਨ੍ਹਾਂ 'ਚੋਂ ਕੁੱਝ ਪ੍ਰੇਮੀਆਂ ਦੇ ਰੂਪ 'ਚ 25 ਅਗੱਸਤ ਨੂੰ ਪੰਚਕੁਲਾ ਪਹੁੰਚੇ ਸਨ। ਬਾਕੀ ਪੰਜਾਬ 'ਚ ਕਈ ਥਾਵਾਂ 'ਤੇ ਤੈਨਾਤ ਹਨ ਅਤੇ ਕਈ ਸਿਰਸਾ 'ਚ ਬੈਠੇ ਹਨ। ਇਨ੍ਹਾਂ ਸੱਭ ਨੂੰ ਸੇਵਾਮੁਕਤ ਫ਼ੌਜੀਆਂ ਤੇ ਪੁਲਿਸ ਵਾਲਿਆਂ ਨੇ ਸਿਖਲਾਈ ਦਿਤੀ ਹੋਈ ਹੈ।
ਗੁਰਦਾਸ ਸਿੰਘ ਤੂਰ ਨੇ ਦਸਿਆ ਕਿ ਰਾਮ ਚੰਦਰ ਛੱਤਰਪਤੀ ਪੱਤਰਕਾਰ ਨੂੰ ਮਾਰਨ ਵਾਲੇ ਕੁਲਦੀਪ ਅਤੇ ਨਿਰਮਲ ਨੂੰ ਹਥਿਆਰਾਂ ਦੀ ਸਿਖਲਾਈ ਡੇਰੇ ਅੰਦਰ ਹੀ 2002 'ਚ ਦਿਤੀ ਗਈ ਸੀ। ਤੂਰ 1996 ਤੋਂ 2002 ਤਕ ਡੇਰੇ ਦੀ ਪ੍ਰੀਟਿੰਗ ਪ੍ਰੈੱਸ 'ਚ ਕੰਮ ਕਰਦਾ ਰਿਹਾ ਸੀ ਅਤੇ ਸੇਵਾਮੁਕਤ ਪੁਲਿਸ ਕਰਮਚਾਰੀ ਦਾ ਲੜਕਾ ਹੋਣ ਕਰ ਕੇ ਸੌਦਾ ਸਾਧ ਅਤੇ ਮੈਨੇਜਰਾਂ ਦੀਆਂ ਕਰਤੂਤਾਂ ਬਾਰੇ ਨਜ਼ਰ ਰਖਦਾ ਰਹਿੰਦਾ ਸੀ।
ਤੂਰ ਨੇ ਦਸਿਆ ਕਿ ਸੌਦਾ ਸਾਧ ਰਾਜਸਥਾਨ ਦੇ ਪਿੰਡ ਦਾ ਨਹੀਂ ਸੀ ਸਗੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿੱਕਰ ਖੇੜਾ ਦਾ ਹਰਪਾਲ ਸੀ। ਅਪਣੇ ਨਾਨਕੇ ਪਿੰਡ ਜਨਮ ਹੋਇਆ ਸੀ ਅਤੇ ਬੀ.ਐਸ.ਸੀ. ਪਾਸ ਦੱਸਣ ਵਾਲਾ ਇਹ ਬਦਮਾਸ਼ ਅਸਲ 'ਚ 10ਵੀਂ ਫ਼ੇਲ੍ਹ ਸੀ। ਤੂਰ ਨੇ ਦਸਿਆ ਕਿ ਨਾਬਾਲਗ਼ ਲੜਕੀਆਂ ਨਾਲ ਬਲਾਤਕਾਰ ਕਰਨ ਮਗਰੋਂ ਸੌਦਾ
ਸਾਧ ਸਮਾਜਕ ਕੰਮ ਕਰਦਾ ਵਿਖਾਉਣ ਲਈ ਕਿਸੇ ਪ੍ਰੇਮੀ ਨੂੰ ਲੱਭ ਕੇ ਵਿਆਹ ਕਰਵਾ ਦਿੰਦਾ ਸੀ। ਮਕਾਨ ਵਗੈਰਾ ਦੇ ਕੇ ਸਦਾ ਲਈ ਗ਼ੁਲਾਮ ਬਣਾ ਲੈਂਦਾ ਸੀ।
ਗੁਰਦਾਸ ਸਿੰਘ ਤੂਰ ਨੇ ਥਾਉਂ-ਥਾਈਂ ਜਾ ਕੇ ਖੱਸੀ ਕੀਤੇ 465 ਸਾਧੂਆਂ ਦੀ ਲਿਸਟ ਬਣਾਈ ਅਤੇ ਪਹਿਲਾਂ 166 ਦੀ ਲਿਸਟ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਹਾਈ ਕੋਰਟ ਨੂੰ ਦਿਤੀ ਅਤੇ ਪੰਜ ਪੀੜਤਾਂ ਦਾ ਵੇਰਵਾ ਹੋਰ ਦਿਤਾ ਹੈ।
ਇਕ ਹੋਰ ਪੀੜਤ ਹੰਸਰਾਜ ਚੌਹਾਨ ਨੇ ਰੋ-ਰੋ ਕੇ ਦਸਿਆ ਕਿ ਕਿਵੇਂ ਉਸ ਦੇ ਟੋਹਾਣਾ ਸਥਿਤ ਮਾਂ-ਬਾਪ ਜੋ ਡੇਰਾ ਪ੍ਰੇਮੀ ਸਨ, ਨੇ ਛੋਟੀ ਉਮਰ 'ਚ ਹੀ ਬਾਬੇ ਕੋਲ ਛੱਡ ਦਿਤਾ। 1996 'ਚ ਹੀ ਉਸ ਦੇ ਪਤਾਲੂ ਕੱਟ ਦਿਤੇ। ਉਸ ਨੇ ਦਸਿਆ ਕਿ ਖੱਸੀ ਕਰਨ ਦਾ ਤਜ਼ਰਬਾ ਉਥੇ ਡੇਰੇ ਦੇ ਡਾਕਟਰ ਪਹਿਲਾਂ ਘੋੜਿਆਂ 'ਤੇ ਕਰਦੇ ਸਨ।
ਟੋਹਾਣਾ ਦੇ ਚੌਹਾਨ ਨੇ ਦਸਿਆ ਕਿ ਖੱਸੀ ਸਾਧੂਆਂ ਨੂੰ ਇਹ ਸਿਖਿਆ ਦਿਤੀ ਜਾਂਦੀ ਹੈ ਕਿ ਤੁਸੀਂ ਸੌਦਾ ਸਾਧ ਦੇ ਹਮਾਇਤੀ ਹੋ। ਸੌਦਾ ਸਾਧ ਰਾਹੀਂ ਹੀ ਤੁਹਾਨੂੰ ਮੁਕਤੀ ਮਿਲੇਗੀ ਅਤੇ ਉਸ ਨੂੰ ਹੀ ਪ੍ਰਮਾਤਮਾ ਨੇ ਅਪਣਾ ਦੂਤ ਬਣਾ ਕੇ ਇਥੇ ਦੁਨੀਆਂ 'ਚ ਭੇਜਿਆ ਹੈ।
ਚੌਹਾਨ ਨੇ ਦਸਿਆ ਕਿ ਕਿਵੇਂ ਹੁਣ ਉਹ ਸਮਾਜ ਤੇ ਆਮ ਭਾਈਚਾਰੇ 'ਚ ਠੋਕਰਾਂ ਖਾ ਰਿਹਾ ਹੈ ਅਤੇ ਜਦੋਂ ਦਾ ਮੈਂ ਡੇਰਾ ਛੱਡਿਆ ਹੈ, ਰੋਜ਼ਾਨਾ ਮਾਰ ਦੇਣ ਦੀਆਂ ਧਮਕੀਆਂ ਆਉਂਦੀਆਂ ਹਨ।
ਲਾਈਅਰਜ਼ ਫਾਰ ਹਿਊਮਨ ਰਾਈਟਜ਼ ਇੰਟਰਨੈਸ਼ਨਲ ਜਥੇਬੰਦੀ ਦੇ ਕਰਤਾ-ਧਰਤਾ ਐਡਵੋਕੇਟ ਨਵਕਿਰਨ ਸਿੰਘ ਜਿਨ੍ਹਾਂ ਨੇ ਹੰਸਰਾਜ ਚੌਹਾਨ ਅਤੇ ਗੁਰਦਾਸ ਸਿੰਘ ਤੂਰ ਦੀ ਗਵਾਹੀ 'ਤੇ 2012 'ਚ ਹਾਈ ਕੋਰਟ ਵਿਚ ਸੌਦਾ ਸਾਧ ਵਿਰੁਧ ਮਾਮਲਾ ਦਰਜ ਕੀਤਾ ਹੈ, ਨੇ ਕਿਹਾ ਕਿ ਮਾਮਲਾ ਆਖ਼ਰੀ ਪੜਾਅ 'ਤੇ ਹੈ। ਸੀ.ਬੀ.ਆਈ. ਹਰ ਤਿੰਨ ਮਹੀਨੇ ਮਗਰੋਂ ਹਾਈ ਕੋਰਟ ਦੇ ਹੁਕਮਾਂ ਹੇਠ ਤਫ਼ਤੀਸ਼ ਰੀਪੋਰਟ ਪੇਸ਼ ਕਰਦੀ ਹੈ। ਪਿਛਲੇ 4 ਜੱਜਾਂ ਨੇ ਕੇਸ ਲਮਕਾ ਕੇ ਰਖਿਆ ਹੈ ਅਤੇ ਲਗਦਾ ਹੈ ਕਿ ਅਗਲੀ 25 ਅਕਤੂਬਰ ਤੋਂ ਲਗਾਤਾਰ ਸੁਣਵਾਈ ਸ਼ੁਰੂ ਹੋ ਜਾਵੇਗੀ।
ਹੋਰ ਪੀੜਤਾਂ ਨੂੰ ਖੁਲ੍ਹ ਕੇ ਸਾਹਮਣੇ ਆਉਣ ਅਤੇ ਮੁਫ਼ਤ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਐਡਵੋਕੇਟ ਨੇ ਕਿਹਾ ਕਿ ਸੌਦਾ ਸਾਧ ਜਾਮ-ਏ-ਇੰਸਾਂ ਦੇ ਨਾਮ 'ਤੇ ਜਾਮ-ਏ-ਹਿੰਸਾ ਪਿਲਾਉਂਦਾ ਸੀ। ਗੁਰੂਆਂ ਦੇ ਵਚਨਾਂ ਦੇ ਵਿਰੁਧ ਚੱਲਦਾ ਸੀ। ਗੁਰਬਾਣੀ ਦੇ ਗ਼ਲਤ ਮਤਲਬ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ।