ਅਗਰਤਲਾ: ਤ੍ਰਿਪੁਰਾ ਦੇ ਕਮਿਊਨਿਸਟ ਮੁੱਖ ਮੰਤਰੀ ਮਾਣਿਕ ਸਰਕਾਰ ਦੇਸ਼ ਦੇ ਸਭ ਤੋਂ ਗਰੀਬ ਮੁੱਖ ਮੰਤਰੀ ਗਿਣੇ ਜਾਂਦੇ ਹਨ। ਉਨ੍ਹਾਂ ਕੋਲ ਕੁੱਲ 1520 ਰੁਪਏ ਨਕਦੀ ਹੈ। ਬਜ਼ੁਰਗ ਕਮਿਊਨਿਸਟ ਨੇਤਾ ਮਾਣਿਕ ਸਰਕਾਰ ਨੇ ਸੋਮਵਾਰ ਰਾਜ ਵਿਧਾਨ ਸਭਾ ਚੋਣਾਂ ਲਈ ਧਨਪੁਰ ਸੀਟ ਤੋਂ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕੀਤਾ। ਇਸ ਮੌਕੇ ਦਿੱਤੇ ਐਫੀਡੇਵਿਟ ਰਾਹੀਂ ਮਾਣਿਕ ਸਰਕਾਰ ਨੇ ਆਪਣੀ ਨਿੱਜੀ ਸਥਿਤੀ ਨੂੰ ਜਨਤਕ ਕੀਤਾ ਹੈ।
ਸੀਪੀਆਈ (ਐਮ) ਦੀ ਪੋਲਿਟ ਬਿਊਰੋ ਦੇ ਮੈਂਬਰ ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦੇ ਤਾਜ਼ਾ ਐਫੀਡੇਵਿਟ ਅਨੁਸਾਰ ਇਸ ਸਾਲ 20 ਜਨਵਰੀ ਨੂੰ ਉਨ੍ਹਾਂ ਦਾ ਬੈਂਕ ਬੈਲੇਂਸ 2410 ਰੁਪਏ 16 ਪੈਸੇ ਸੀ। ਸਾਲ 2013 ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਣਿਕ ਸਰਕਾਰ ਨੇ ਜੋ ਐਫੀਡੇਵਿਟ ਦਾਖਲ ਕੀਤਾ ਸੀ, ਉਸ ਵਿੱਚ ਉਨ੍ਹਾਂ ਨੇ ਆਪਣਾ ਬੈਂਕ ਬੈਲੇਂਸ 9720 ਰੁਪਏ 38 ਪੈਸੇ ਦਿਖਾਇਆ ਸੀ।
ਮਾਣਿਕ ਸਰਕਾਰ ਲਗਾਤਾਰ ਪੰਜ ਵਾਰੀਆਂ ਤੋਂ ਤ੍ਰਿਪੁਰਾ ਦੇ ਮੁੱਖ ਮੰਤਰੀ ਹਨ। ਭਾਰਤ ਵਿੱਚ ਸਾਰੇ ਮੌਜੂਦਾ ਮੁੱਖ ਮੰਤਰੀਆਂ ਵਿੱਚ ਉਹ ਸਭ ਤੋਂ ਲੰਬੇ ਸਮੇਂ ਤੋਂ ਮੁੱਖ ਮੰਤਰੀ ਹਨ। ਉਹ ਪਹਿਲੀ ਵਾਰ ਸਾਲ 1998 ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਬਣੇ ਸਨ। 69 ਸਾਲਾ ਮਾਣਿਕ ਸਰਕਾਰ ਮੁੱਖ ਮੰਤਰੀ ਹੋਣ ਦੇ ਨਾਤੇ ਮਿਲਣ ਵਾਲੀ ਆਪਣੀ ਪੂਰੀ ਤਨਖਾਹ ਪਾਰਟੀ ਨੂੰ ਦੇ ਦੇਂਦੇ ਹਨ। ਬਦਲੇ ਵਿੱਚ ਉਨ੍ਹਾਂ ਨੂੰ ਪਾਰਟੀ ਵੱਲੋਂ 10 ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਮਿਲਦਾ ਹੈ।
ਮਾਣਿਕ ਸਰਕਾਰ ਨੇ ਆਪਣੇ ਐਫੀਡੇਵਿਟ ਵਿੱਚ ਜੱਦੀ ਸੰਪਤੀ ਦੇ ਤੌਰ ਉੱਤੇ ਅਗਰਤਲਾ ਵਿੱਚ 0.0118 ਏਕਡ਼ ਗੈਰ ਖੇਤੀ ਭੂਮੀ ਦਾ ਹਵਾਲਾ ਦਿੱਤਾ ਹੈ ਜਿਸ ਉੱਤੇ ਉਨ੍ਹਾਂ ਨਾਲ ਭਰਾ-ਭੈਣ ਦਾ ਸਾਂਝਾ ਮਾਲਕੀ ਹੱਕ ਹੈ। ਮਾਣਿਕ ਸਰਕਾਰ ਕੋਲ ਸਿਰਫ ਇਹੀ ਅਚੱਲ ਸੰਪਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਪੰਜ ਵਾਰ ਮੁੱਖ ਮੰਤਰੀ ਬਣ ਚੁੱਕੇ ਮਾਣਿਕ ਸਰਕਾਰ ਆਪਣੇ ਕੋਲ ਮੋਬਾਈਲ ਫੋਨ ਵੀ ਨਹੀਂ ਰੱਖਦੇ। ਮਾਣਿਕ ਸਰਕਾਰ 6ਵੀਂ ਵਾਰ ਮੁੱਖ ਮੰਤਰੀ ਬਣਨ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਨੇ ਭਾਜਪਾ ਤੋਂ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੈ, ਜਿਸ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਦੀ ਧੁਰੰਧਰ ਮੰਨਿਆ ਜਾਂਦਾ ਹੈ। ਮਾਣਿਕ ਸਰਕਾਰ ਦੀ ਸੋਸ਼ਲ ਮੀਡੀਆ ਉੱਤੇ ਕਿਸੇ ਤਰ੍ਹਾਂ ਦੀ ਮੌਜੂਦਗੀ ਨਹੀਂ, ਨਾ ਉਨ੍ਹਾਂ ਦਾ ਨਿੱਜੀ ਈ-ਮੇਲ ਖਾਤਾ ਹੈ।