ਨਵੀਂ
ਦਿੱਲੀ, 18 ਸਤੰਬਰ: ਦੇਸ਼ ਨੇ ਭਾਰਤੀ ਹਵਾਈ ਫ਼ੌਜ ਦੇ ਮਹਾਨ ਯੋਧੇ ਮਾਰਸ਼ਲ ਅਰਜਨ ਸਿੰਘ ਨੂੰ
ਅੱਜ ਅੰਤਮ ਵਿਦਾਈ ਦਿਤੀ। ਲੜਾਕੂ ਜਹਾਜ਼ਾਂ ਦੀ ਉਡਾਣ ਸਮੇਤ ਪੂਰੇ ਸਰਕਾਰਾਂ ਸਨਮਾਨਾਂ ਨਾਲ
ਅੱਜ ਸਵੇਰੇ ਅਰਜਨ ਸਿੰਘ ਦਾ ਅੰਤਮ ਸਸਕਾਰ ਕੀਤਾ ਗਿਆ।
ਦਿੱਲੀ ਕੈਂਟ ਦੇ ਬਰਾਰ ਚੌਕ
ਸ਼ਮਸ਼ਾਨ ਘਾਟ ਵਿਚ ਅਰਦਾਸ ਤੋਂ ਬਾਅਦ ਉਨ੍ਹਾਂ ਦੇ ਮਜ਼ਬੂਤ ਸਰੀਰ ਨੂੰ ਅਗਨੀ ਵਿਖਾਈ ਗਈ।
ਅੰਤਮ ਸਸਕਾਰ ਦੌਰਾਨ ਕਈ ਰਾਜਨੀਤਿਕ ਹਸਤੀਆਂ, ਭਾਰਤੀ ਫ਼ੌਜਾਂ ਦੇ ਤਿੰਨੇ ਮੁਖੀ ਹਾਜ਼ਰ ਸਨ।
ਅਰਜਨ
ਸਿੰਘ ਨੂੰ ਤੋਪਾਂ ਦੀ ਸਲਾਮੀ ਦਿੰਦੇ ਹੋਏ, ਭਾਰਤੀ ਹਵਾਈ ਫ਼ੌਜ ਦੇ ਤਿੰਨ ਸੁਖੋਈ ਲੜਾਕੂ
ਜਹਾਜ਼ਾਂ ਨੇ ਉਡਾਰੀਆਂ ਭਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਭਾਰਤੀ ਹਵਾਈ ਫ਼ੌਜ ਦੇ
ਹੈਲੀਕਾਪਟਰਾਂ ਨੇ ਵੀ ਉਡਾਰੀਆਂ ਭਰ ਕੇ ਸ਼ਰਧਾਂਜਲੀ ਦਿਤੀ। ਅਰਜਨ ਸਿੰਘ ਦੇ ਚਲਾਣੇ ਕਰ ਕੇ
ਅੱਜ ਰਾਜਧਾਨੀ ਦਿੱਲੀ ਵਿਚ ਸਾਰੀਆਂ ਸਰਕਾਰੀ ਇਮਾਰਤਾਂ ਵਿਚ ਤਿਰੰਗਾ ਅੱਧਾ ਝੁਕਿਆ ਰਿਹਾ।
ਉਥੇ ਹੀ ਪੰਜਾਬ ਵਿਚ ਸਰਕਾਰ ਨੇ ਤਿੰਨ ਦਿਨ ਵਾਸਤੇ ਸੋਗ ਦਾ ਐਲਾਨ ਕੀਤਾ ਹੋਇਆ ਹੈ। ਸਾਲ
1965 ਵਿਚ ਭਾਰਤ-ਪਾਕ ਯੁੱਧ ਦੇ ਨਾਇਕ ਅਤੇ ਪੰਜ ਤਾਰਾ ਰੈਂਕ ਤਕ ਪ੍ਰਮੋਟ ਕੀਤੇ ਗਏ ਹਵਾਈ
ਫ਼ੌਜ ਦੇ ਇਕਲੌਤੇ ਅਧਿਕਾਰੀ ਮਾਰਸ਼ਲ ਅਰਜਨ ਸਿੰਘ ਸਨਿਚਰਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ।
ਉਹ 98 ਸਾਲ ਦੇ ਸਨ। ਉਨ੍ਹਾਂ ਦੇ ਪਰਵਾਰ ਵਿਚ ਇਕ ਬੇਟੀ ਅਤੇ ਇਕ ਬੇਟਾ ਹੈ। ਉਨ੍ਹਾਂ ਦੀ ਪਤਨੀ 2011 ਵਿਚ ਗੁਜ਼ਰ ਗਈ ਸੀ।
ਮਾਰਸ਼ਲ
ਅਰਜਨ ਸਿੰਘ ਦੇ ਮਜ਼ਬੂਤ ਸਰੀਰ ਨੂੰ ਅੱਜ ਸਵੇਰੇ ਤਿਰੰਗੇ ਵਿਚ ਲਪੇਟ ਕੇ ਗੱਡੀਆਂ ਦੁਆਰਾ
ਬਰਾਰ ਚੌਕ ਸ਼ਮਸ਼ਾਨ ਘਾਟ ਵਿਚ ਲਿਜਾਇਆ ਗਿਆ। ਇਸ ਮੌਕੇ ਰਖਿਆ ਮੰਤਰੀ ਨਿਰਮਲ ਸੀਤਾਰਮਣ,
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ
ਅਡਵਾਨੀ ਵੀ ਮੌਜੂਦ ਸਨ। ਪੰਜਾਬ ਤੋਂ ਕਈ ਸਿਆਸੀ ਆਗੂ ਵੀ ਪਹੁੰਚੇ ਹੋਏ ਸਨ। ਰਾਸ਼ਟਰਪਤੀ
ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਕਲ ਅਰਜਨ ਸਿੰਘ ਦੇ ਘਰ ਗਏ ਸੀ।