ਨਵੀਂ ਦਿੱਲੀ,
17 ਸਤੰਬਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਿਚ ਅੱਜ ਰਾਸ਼ਟਰ ਨੇ ਭਾਰਤੀ ਹਵਾਈ
ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀਆਂ ਦਿਤੀਆਂ। ਰਖਿਆ ਮੰਤਰੀ ਨਿਰਮਲਾ ਸੀਤਾਰਮਣ
ਨੇ ਅਪਣੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਰਧਾਂਜਲੀ ਦਿਤੀ। ਪ੍ਰਧਾਨ ਮੰਤਰੀ
ਸਰਦਾਰ ਸਰੋਵਰ ਬੰਨ੍ਹ ਦੇ ਉਦਘਾਟਨ ਲਈ ਗੁਜਰਾਤ ਗਏ ਹੋਏ ਸਨ। ਕੇਂਦਰੀ ਮੰਤਰੀ ਅਰੁਣ
ਜੇਤਲੀ, ਵਿਦੇਸ਼ ਰਾਜ ਮੰਤਰੀ ਬੀ ਕੇ ਸਿੰਘ, ਸਾਬਕਾ ਰਖਿਆ ਮੰਤਰੀ ਏ ਕੇ ਐਂਟਨੀ ਅਤੇ
ਕਾਂਗਰਸ ਨੇਤਾ ਕਰਨ ਸਿੰਘ ਵੀ ਸ਼ਰਧਾਂਜਲੀ ਦੇਣ ਲਈ ਅਰਜਨ ਸਿੰਘ ਦੇ ਘਰ ਗਏ। ਉਨ੍ਹਾਂ ਦਾ
ਅੰਤਮ ਸਸਕਾਰ 18 ਸਤੰਬਰ ਨੂੰ ਸਵੇਰੇ 9.30 ਵਜੇ ਹੋਵੇਗਾ।
ਰਾਸ਼ਟਰਪਤੀ ਕੋਵਿੰਦ ਅਤੇ
ਰਖਿਆ ਮੰਤਰੀ ਨਿਰਮਲਾ ਸੀਤਾਰਮਣ ਤੋਂ ਇਲਾਵਾ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਮਾਰਸ਼ਲ ਅਰਜਨ
ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅਰਜਨ ਸਿੰਘ ਦਾ ਕਲ ਦਿਲ ਦਾ
ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਅਰਜਨ ਸਿੰਘ ਦੀ ਮ੍ਰਿਤਕ ਦੇਹ ਫ਼ੌਜੀ ਹਸਪਤਾਲ ਤੋਂ
ਉਨ੍ਹਾਂ ਦੇ 7-ਏ ਕੌਟਲਿਯਾ ਮਾਰਗ 'ਤੇ ਪੈਂਦੇ ਘਰ 'ਚ ਲਿਜਾਈ ਗਈ। ਏਅਰ ਚੀਫ਼ ਮਾਰਸ਼ਲ
ਬਿਰੇਂਦਰ ਸਿੰਘ ਧਨੋਆ, ਹਵਾਈ ਫ਼ੌਜ ਮੁਖੀ ਐਡਮਿਰਲ ਸੁਨੀਲ ਲਾਂਬਾ ਅਤੇ ਥਲ ਸੈਨਾ ਮੁਖੀ
ਜਨਰਲ ਬਿਪਿਨ ਰਾਵਤ ਵੀ ਅਰਜਨ ਸਿੰਘ ਦੇ ਘਰ ਪਹੁੰਚੇ। ਰਾਸ਼ਟਰਪਤੀ ਦਫ਼ਤਰ ਨੇ ਟਵਿਟਰ 'ਤੇ
ਲਿਖਿਆ, 'ਅਰਜਨ ਸਿੰਘ ਦੇ ਦਿਹਾਂਤ 'ਤੇ ਸਾਰਾ ਦੇਸ਼ ਸੋਗ ਵਿਚ ਹੈ।
ਰਾਸ਼ਟਰਪਤੀ ਕੋਵਿੰਦ
ਨੇ ਉਨ੍ਹਾਂ ਦੇ ਘਰ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।' ਗ੍ਰਹਿ ਮੰਤਰਾਲੇ ਦੇ ਬੁਲਾਰੇ
ਨੇ ਦਸਿਆ ਕਿ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ। (ਏਜੰਸੀ)