ਨਵੀਂ ਦਿੱਲੀ, 29 ਸਤੰਬਰ : ਭਾਰਤ ਵਿਚ ਬਾਲ ਮੌਤ ਦਰ
ਵਿਚ ਜ਼ਿਕਰਯੋਗ ਕਮੀ ਦਰਜ ਕੀਤੀ ਗਈ ਹੈ। ਹਾਲ ਹੀ ਵਿਚ ਜਾਰੀ ਐਸਆਰਐਸ ਬੁਲੇਟਿਨ ਮੁਤਾਬਕ
ਸਾਲ 2016 ਵਿਚ ਦੇਸ਼ ਦੇ ਆਈਐਮਆਰ ਯਾਨੀ ਬਾਲ ਮੌਤ ਦਰ ਵਿਚ ਤਿੰਨ ਅੰਕਾਂ (8 ਫ਼ੀ ਸਦੀ) ਦੀ
ਕਮੀ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਵਿਚ 'ਨਮੂਨਾ ਪੰਜੀਕਰਣ ਪ੍ਰਣਾਲੀ'
(ਐਸਆਰਐਸ) ਬੁਲੇਟਿਨ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਸਾਲ 2015 ਵਿਚ ਜਨਮੇ 1000
ਬੱਚਿਆਂ ਵਿਚੋਂ 37 ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ। ਇਹ ਅੰਕੜਾ ਸਾਲ 2016
ਵਿਚ ਘੱਟ ਕੇ 34 ਪ੍ਰਤੀ ਹਜ਼ਾਰ ਦੇ ਪੱਧਰ 'ਤੇ ਆ ਗਿਆ ਹੈ ਜਦਕਿ ਇਸ ਤੋਂ ਪਿਛਲੇ ਸਾਲ ਭਾਰਤ
ਦੇ ਆਈਐਮਆਰ ਵਿਚ ਦੋ ਅੰਕਾਂ ਦੀ ਕਮੀ ਦਰਜ ਕੀਤੀ ਗਈ ਸੀ।
ਬਿਆਨ ਮੁਤਾਬਕ ਭਾਰਤ ਵਿਚ
2015 ਦੀ ਤੁਲਨਾ ਵਿਚ 2016 ਵਿਚ ਬੱਚਿਆਂ ਦੀ ਮੌਤ ਦੇ ਮਾਮਲਿਆਂ ਵਿਚ 90 ਹਜ਼ਾਰ ਦੀ ਕਮੀ
ਆਈ ਹੈ। ਸਾਲ 2015 ਵਿਚ 9.3 ਲੱਖ ਨਵਜਨਮੇ ਬੱਚਿਆਂ ਦੀ ਮੌਤ ਹੋਣ ਦਾ ਅਨੁਮਾਨ ਹੈ ਜਦਕਿ
ਸਾਲ 2016 ਵਿਚ 8.4 ਲੱਖ ਨਵਜਨਮੇ ਬੱਚਿਆਂ ਦੀ ਮੌਤ ਦੇ ਮਾਮਲੇ ਦਰਜ ਕੀਤੇ ਗਏ ਸਨ। ਕਿਹਾ
ਗਿਆ ਹੈ ਕਿ ਬੱਚਿਆਂ ਅਤੇ ਬੱਚੀਆਂ ਵਿਚਕਾਰ ਅੰਦਰ ਮੌਤ ਦਰ ਦਾ ਫ਼ਰਕ ਲਗਾਤਾਰ ਘਟਦਾ ਜਾ
ਰਿਹਾ ਹੈ। ਨਵਜਨਮੇ ਬੱਚਿਆਂ ਅਤੇ ਬੱਚੀਆਂ ਦੀ ਮੌਤ ਦਰ ਵਿਚ ਫ਼ਰਕ ਘੱਟ ਕੇ ਹੁਣ 10 ਫ਼ੀ ਸਦੀ
ਤੋਂ ਵੀ ਘੱਟ ਰਹਿ ਗਿਆ ਹੈ। (ਏਜੰਸੀ)