ਇੰਦੌਰ, 27 ਅਕਤੂਬਰ: ਦੋ ਸਾਲ ਪਹਿਲਾ ਪਾਕਿਸਤਾਨ ਤੋਂ ਭਾਰਤ ਪਰਤੀ ਬੋਲੀ ਤੇ ਗੂੰਗੀ ਕੁੜੀ ਗੀਤਾ ਨੇ ਝਾਰਖੰਡ ਦੇ ਉਸ ਜੋੜੇ ਨੂੰ ਪਛਾਣਨ ਤੋਂ ਇਨਕਾਰ ਕਰ ਦਿਤਾ ਜੋ ਗੀਤਾ ਨੂੰ ਅਪਣੀ ਗੁਮ ਹੋਈ ਧੀ ਦਸ ਰਿਹਾ ਸੀ। ਹਾਲਾਂਕਿ ਗੀਤਾ ਤੇ ਮਾਪਿਆਂ ਦੀ ਭਾਲ ਵਿਚ ਲੱਗੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਜੋੜੇ ਦੇ ਦਾਅਵੇ ਦੀ ਜਾਂਚ ਕਰਨ ਲਈ ਹੁਣ ਡੀਐਨਏ ਟੈਸਟ ਦਾ ਸਹਾਰਾ ਲਵੇਗੀ।ਝਾਰਖੰਡ ਦੇ ਗੜਵਾ ਜ਼ਿਲ੍ਹੇ ਦੇ ਬਾਂਦੂ ਪਿੰਡ ਦੇ ਵਿਜੈ ਰਾਮ ਅਤੇ ਉਸ ਦੀ ਪਤਨੀ ਮਾਲਾ ਦੇਵੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤੋਂ ਵਾਪਸ ਆਈ ਗੀਤਾ ਉਨ੍ਹਾਂ ਦੀ ਗੁਮ ਹੋਈ ਧੀ ਟੁੰਨੀ ਕੁਮਾਰੀ ਉਰਫ਼ ਗੁੱਡੀ ਹੈ। ਜੋੜੇ ਮੁਤਾਬਕ ਉਨ੍ਹਾਂ ਦੀ ਧੀ ਟੁੰਨੀ 9 ਸਾਲ ਪਹਿਲਾਂ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿਚ ਅਪਣੇ ਸਹੁਰੇ ਪਰਵਾਰ ਤੋਂ ਲਾਪਤਾ ਹੋ ਗਈ ਸੀ। ਵਿਜੈ ਰਾਮ, ਮਾਲਾ ਦੇਵੀ ਅਤੇ ਇਸ ਜੋੜੇ ਦੇ ਪੁੱਤਰ ਰੋਸ਼ਨ ਨੂੰ ਇਥੇ ਕੁਲੈਕਟਰ ਦਫ਼ਤਰ ਵਿਚ ਗੀਤਾ ਨਾਲ ਮਿਲਵਾਇਆ ਗਿਆ। ਸੂਤਰਾਂ ਅਨੁਸਾਰ ਇਸ ਕਮਰੇ ਵਿਚ ਹੋਈ ਮੁਲਾਕਾਤ ਦੌਰਾਨ ਪਰਵਾਰ ਨੇ ਗੀਤਾ ਨੂੰ ਅਪਣੇ ਨੇੜਲੇ ਰਿਸ਼ਤੇਦਾਰਾਂ ਬਾਰੇ ਦਸਿਆ। ਇਸ ਦੇ ਨਾਲ ਗੀਤਾ ਨੂੰ ਉਸ ਦੇ ਬਪਚਨ ਦੀ ਯਾਦ ਦੁਆਉਣ ਦੀ ਵੀ ਕੋਸ਼ਿਸ਼ ਕੀਤੀ ਗਈ।ਮੁਲਾਕਾਤ ਦੌਰਾਨ ਭਾਸ਼ਾ ਮਾਹਰ ਗਿਆਨਿੰਦਰ ਪੁਰੋਹਿਤ ਨੇ ਦਸਿਆ ਕਿ ਗੀਤਾ ਨੇ ਝਾਰਖੰਡ ਦੇ ਪਰਵਾਰ ਨੂੰ ਪਛਾਣਨ ਤੋਂ ਇਨਕਾਰ ਕਰ ਦਿਤਾ।
ਉਸ ਨੇ ਇਸ਼ਾਰਿਆਂ ਵਿਚ ਕਿਹਾ ਕਿ ਝਾਰਖੰਡ ਦਾ ਇਹ ਜੋੜਾ ਉਸ ਦੇ ਮਾਤਾ-ਪਿਤਾ ਨਹੀਂ ਹਨ। ਜ਼ਿਲ੍ਹਾ ਅਧਿਕਾਰੀ ਨਿਸ਼ਾਂਤ ਵਰਵੜੇ ਨੇ ਕਿਹਾ ਕਿ ਡੀਐਨਏ ਨਤੀਜਾ ਆਉਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਝਾਰਖੰਡ ਦਾ ਇਹ ਜੋੜਾ ਗੀਤਾ ਦੇ ਜੈਵਿਕ ਮਾਤਾ-ਪਿਤਾ ਹਨ ਜਾਂ ਨਹੀਂ। ਪੁਰੋਹਿਤ ਨੇ ਕਿਹਾ ਕਿ ਅਪਣੇ ਪਰਵਾਰ ਨਾਲ ਮੁਲਾਕਾਤ ਦੌਰਾਨ ਗੀਤਾ ਸਹਿਜ ਨਹੀਂ ਸੀ ਅਤੇ ਉਸ ਨੂੰ ਮਾਹਰਾਂ ਰਾਹੀਂ ਉਚਿਤ ਕੌਂਸਲਿੰਗ ਦੀ ਲੋੜ ਹੈ। ਪੁਰੋਹਿਤ ਨੇ ਕਿਹਾ, 'ਗੀਤਾ ਨੇ ਮੈਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿਤਾ ਜਦਕਿ ਇਹ ਕੁੜੀ ਜਦ ਪਾਕਿਸਤਾਨ ਦੇ ਕਰਾਚੀ ਵਿਚ ਸੀ ਤਾਂ ਸਾਡੇ ਦੋਹਾਂ ਵਿਚਾਲੇ ਵੀਡੀਉ ਕਾਲਿੰਗ ਰਾਹੀਂ ਗੱਲਬਾਤ ਹੁੰਦੀ ਸੀ। ਗੀਤਾ ਨੇ ਮੈਨੂੰ ਪਾਕਿਸਤਾਨ ਤੋਂ ਵਟਸਅਪ ਰਾਹੀਂ ਹਿੰਦੀ ਵਿਚ ਉਸ ਦੇ ਹੱਥੋਂ ਲਿਖੇ ਪੁਰਜੇ ਦੀ ਫ਼ੋਟੋ ਵੀ ਭੇਜੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਉਸ ਨੇ ਉਹ ਫ਼ੋਟੋ ਵੀ ਪਛਾਣਨ ਤੋਂ ਇਨਕਾਰ ਕਰ ਦਿਤਾ ਹੈ। ਮੈਨੂੰ ਲਗਦਾ ਹੈ ਕਿ ਉਸ ਦੀ ਯਾਦਦਾਸ਼ਤ ਕਾਫ਼ੀ ਕਮਜ਼ੋਰ ਹੋ ਗਈ ਹੈ।' ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕੋਸ਼ਿਸ਼ਾਂ ਸਦਕਾ ਗੀਤਾ 26 ਅਕਤੂਬਰ 2015 ਨੂੰ ਭਾਰਤ ਵਾਪਸ ਪਰਤੀ ਸੀ। (ਪੀ.ਟੀ.ਆਈ.)