ਦਿੱਲੀ 'ਚ ਡਿੱਗਾ 'ਕੂੜੇ ਦਾ ਪਹਾੜ', ਦੋ ਮਰੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ: 1 ਸਤੰਬਰ (ਅਮਨਦੀਪ ਸਿੰਘ) : ਪੂਰਬੀ ਦਿੱਲੀ ਦੇ ਗਾਜ਼ੀਪੁਰ ਵਿਚ ਰਾਜਧਾਨੀ ਦਾ ਕੂੜਾ ਖਪਾਉਣ ਲਈ ਬਣੀ ਹੋਈ ਥਾਂ 'ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ। ਕੂੜੇ ਹੇਠਾਂ ਦੱਬੇ ਚਾਰ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ।
ਦੇਰ ਸ਼ਾਮ ਤਕ ਫ਼ਾਇਰ ਬ੍ਰਿਗੇਡ, ਪੁਲਿਸ ਤੇ ਹੋਰ ਅਮਲਾ ਰਾਹਤ ਕਾਰਜਾਂ ਵਿਚ ਲੱਗੇ ਰਹੇ। ਅਧਿਕਾਰੀਆਂ ਮੁਤਾਬਕ ਅੱਜ ਦੁਪਹਿਰ ਕੂੜੇ ਦੇ ਪਹਾੜ ਦਾ ਇਕ ਹਿੱਸਾ ਧਸਣ ਕਰ ਕੇ ਨੇੜਿਉਂ ਲੰਘਦੀ ਸੜਕ ਉਤੇ ਜਾ ਰਹੀ ਇਕ ਕਾਰ, ਇਕ ਸਕੂਟਰ ਅਤੇ ਮੋਟਰਸਾਈਕਲਾਂ ਕੋਂਡਲੀ ਨਹਿਰ 'ਚ ਡਿੱਗ ਗਈਆਂ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋ ਵਿਅਕਤੀਆਂ, ਰਾਜ ਕੁਮਾਰੀ (32) ਅਤੇ ਅਭਿਸ਼ੇਕ (22) ਦੀ ਮੌਤ ਹੋ ਗਈ ਅਤੇ ਚਾਰ ਹੋਰਾਂ ਨੂੰ ਬਚਾ ਲਿਆ ਗਿਆ। ਕੌਮੀ ਬਿਪਤਾ ਮੋਚਨ ਬਲ (ਐਨ.ਡੀ.ਆਰ.ਐਫ਼.) ਦੇ ਇਕ ਅਧਿਕਾਰੀ ਨੇ ਕਿਹਾ ਕਿ ਬਲ ਦੀ ਇਕ ਟੀਮ ਜਿਸ 'ਚ 45 ਜਵਾਨ ਸ਼ਾਮਲ ਹਨ, ਘਟਨਾ ਵਾਲੀ ਥਾਂ ਲਈ ਰਵਾਨਾ ਕੀਤੀਆਂ ਗਈਆਂ ਹਨ।
ਪੂਰਬੀ ਦਿੱਲੀ ਦੀ ਮੇਅਰ ਨੀਮਾ ਭਗਤ ਨੇ ਦਸਿਆ ਕਿ ਮੀਂਹ ਪੈਣ ਕਰ ਕੇ ਕੂੜੇ ਦੇ ਪਹਾੜ ਦਾ ਇਕ ਹਿੱਸਾ ਧਸ ਗਿਆ। ਕੂੜੇ ਦਾ ਇਹ ਪਹਾੜ ਪੂਰਬੀ ਦਿੱਲੀ ਨਗਰ ਨਿਗਮ ਦੇ ਅਧਿਕਾਰ ਖੇਤਰ 'ਚ ਹੈ। ਭਗਤ ਨੇ ਦਾਅਵਾ ਕੀਤਾ ਕਿ ਕੂੜੇ ਦੇ ਪਹਾੜ ਦਾ ਇਕ ਹਿੱਸਾ ਪਾਰ ਦੀ ਇਕ ਨਹਿਰ 'ਚ ਡਿੱਗ ਗਿਆ ਅਤੇ ਇਸ ਨਾਲ ਨਹਿਰ 'ਚ ਪਾਣੀ ਦਾ ਤੇਜ਼ ਝਟਕਾ ਨੇੜੇ ਜਾਂਦੀ ਸੜਕ ਉਤੇ ਜਾ ਰਹੀਆਂ ਗੱਡੀਆਂ ਉਤੇ ਪਿਆ ਜਿਸ ਨਾਲ ਉਹ ਨਹਿਰ 'ਚ ਜਾ ਡਿੱਗੀਆਂ। ਨਹਿਰ ਵਿਚ ਰਾਹਗੀਰ ਡਿੱਗੇ ਹਨ, ਉਸ ਦੇ ਆਲੇ ਦੁਆਲੇ ਲੱਗੀ ਹੋਈ ਲੋਹੇ ਦੀ ਰੇਲਿੰਗ ਪੂਰੀ ਤਰ੍ਹਾਂ ਟੁੱਟੀ ਹੋਈ ਵੇਖੀ ਗਈ। ਜਾਣਕਾਰਾਂ ਮੁਤਾਬਕ ਜੇ ਨਹਿਰ ਦੀ ਰੇਲਿੰਗ ਸਲਾਮਤ ਹੁੰਦੀ ਤਾਂ ਵੱਡਾ ਹਾਦਸਾ ਰੋਕਿਆ ਜਾ ਸਕਦਾ ਸੀ।   ਬਚਾਅ ਅਮਲੇ ਦੇ ਇਕ ਅਫ਼ਸਰ ਨੇ ਦਸਿਆ ਕਿ ਨਹਿਰ 'ਚੋਂ ਪੰਜ ਜਣਿਆਂ ਨੂੰ ਕੱਢ ਕੇ, ਲਾਲ ਬਹਾਦਰ ਸ਼ਾਸਤਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਾਮ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।  
ਕੇਜਰੀਵਾਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਥਾਂ ਉਪਰ ਕੂੜੇ ਦੇ ਪਹਾੜ ਬਣੇ ਹੋਏ ਹਨ ਤੇ ਪਤਾ ਲੱਗਾ ਹੈ ਕਿ ਕੂੜੇ ਦੇ ਪਹਾੜ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਕੂੜੇ ਲਈ ਤੈਅ ਉਚਾਈ 25 ਮੀਟਰ ਤਕ ਹੈ ਪਰ ਇਥੇ ਕੂੜੇ ਦੇ ਪਹਾੜ ਬਣਨ ਕਾਰਨ 45 ਮੀਟਰ ਤੋਂ ਵੱਧ ਉਚਾਈ ਹੈ ਜਿਸ ਨਾਲ ਕੂੜੇ ਦੇ ਪਹਾੜ ਬਣੇ ਹੋਏ ਹਨ। ਦਿੱਲੀ ਦੇ ਉਪ ਰਾਜਪਾਲ ਨਾਲ ਗੱਲਬਾਤ ਕਰ ਕੇ ਨਗਰ ਨਿਗਮ 'ਤੇ ਦਬਾਅ ਪਾ ਕੇ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਨਗਰ ਨਿਗਮ ਕੂੜੇ ਨੂੰ ਆਧੁਨਿਕ ਢੰਗ ਤਰੀਕੇ ਨਾਲ ਖਪਾਏ। ਦਿੱਲੀ ਭਾਜਪਾ ਦੇ ਪ੍ਰਧਾਨ ਤੇ ਐਮ ਪੀ ਮਨੋਜ ਤਿਵਾੜੀ ਨੇ ਪੂਰਬੀ ਦਿੱਲੀ ਨਗਰ ਨਿਗਮ ਕੋਲੋਂ ਇਸ ਹਾਦਸੇ ਬਾਰੇ ਰੀਪੋਰਟ ਮੰਗ ਲਈ ਹੈ। ਵੇਰਵਿਆਂ ਮੁਤਾਬਕ ਦਿੱਲੀ ਸਰਕਾਰ ਦੀ ਦਿੱਲੀ ਪਲਿਊਸ਼ਨ ਕੰਟਰੋਲ ਕਮੇਟੀ ਵਲੋਂ ਨਗਰ ਨਿਗਮ ਨੂੰ ਗ਼ਲਤ ਢੰਗ ਨਾਲ ਕੂੜਾ ਖਪਾਉਣ ਬਾਰੇ ਨੋਟਿਸ ਵੀ ਜਾਰੀ ਹੋ ਚੁਕਾ ਸੀ। (ਪੀਟੀਆਈ)