ਦਿੱਲੀ ਹਾਈ ਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ਖ਼ਬਰਾਂ, ਰਾਸ਼ਟਰੀ



ਚੰਡੀਗੜ੍ਹ, 26 ਸਤੰਬਰ (ਨੀਲ ਭਲਿੰਦਰ ਸਿੰਘ): ਦਿੱਲੀ ਹਾਈ ਕੋਰਟ ਵਿਚ ਅੱਜ ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਹੋ ਗਈ ਹੈ। ਅਦਾਲਤ ਨੇ ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਹਨੀਪ੍ਰੀਤ ਦੀ ਅਰਜ਼ੀ ਉਤੇ ਸੁਣਵਾਈ ਹੋਈ ਸੀ ਅਤੇ ਦਿੱਲੀ ਹਾਈ ਕੋਰਟ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ  ਮਗਰੋਂ  ਇਸ  'ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

ਉਧਰ ਹਨੀਪ੍ਰੀਤ ਦੇ ਵਕੀਲ ਨੇ ਕਿਹਾ ਕਿ ਹਨੀਪ੍ਰੀਤ ਵੀਰਵਾਰ ਨੂੰ ਪੁਲਿਸ ਸਾਹਮਣੇ ਆਤਮ ਸਮਰਪਣ ਕਰੇਗੀ। ਹਨੀਪ੍ਰੀਤ  ਦੇ ਵਕੀਲ ਵਲੋਂ ਅਦਾਲਤ  ਨੂੰ ਦਸਿਆ ਗਿਆ ਕਿ ਹਨੀਪ੍ਰੀਤ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਚੰਡੀਗੜ੍ਹ ਜਾਣ ਲਈ ਤਿੰਨ ਹਫ਼ਤੇ ਦੀ ਆਗਊਂ ਜ਼ਮਾਨਤ ਦਿਤੀ ਜਾਵੇ। ਇਸ 'ਤੇ ਅਦਾਲਤ ਨੇ ਕਿਹਾ ਕਿ ਦਿੱਲੀ ਤੋਂ ਚੰਡੀਗੜ੍ਹ ਜਾਣ ਵਿਚ ਸਿਰਫ਼ ਚਾਰ ਘੰਟੇ ਦਾ ਸਮਾਂ ਲਗਦਾ ਹੈ, ਤੁਹਾਨੂੰ ਤਿੰਨ ਹਫ਼ਤੇ ਕਿਉਂ ਚਾਹੀਦੇ ਹਨ? ਇਸ ਨਾਲ ਹੀ ਅਦਾਲਤ ਨੇ ਸਵਾਲ ਕੀਤਾ ਕਿ ਜੇਕਰ ਉਸ ਨੂੰ ਖ਼ਤਰਾ ਹੈ ਤਾਂ ਇਥੇ ਅਦਾਲਤ ਵਿਚ ਆਤਮ ਸਮਰਪਣ ਕਰੋ, ਅਦਾਲਤ ਉਸ ਨੂੰ ਸੁਰੱਖਿਆ ਦੇਵੇਗੀ। ਹਨੀਪ੍ਰੀਤ ਦੇ ਵਕੀਲ ਵਲੋਂ ਕਿਹਾ ਗਿਆ ਕਿ ਹਨੀਪ੍ਰੀਤ ਨੇ ਤਾਂ ਕੁੱਝ ਕੀਤਾ ਵੀ ਨਹੀਂ ਫਿਰ ਵੀ ਉਸ ਵਿਰੁਧ ਦੇਸ਼ ਧਰੋਹ ਦੀ ਧਾਰਾ ਲਗਾ ਦਿਤੀ ਗਈ, ਉਹ 25 ਅਗੱਸਤ ਨੂੰ ਜਦੋਂ ਲਗਾਤਾਰ ਪੁਲਿਸ ਨਾਲ ਰਹੀ ਤਾਂ ਫਿਰ ਹਿੰਸਾ ਲਈ ਜ਼ਿੰਮੇਵਾਰ ਕਿਵੇਂ?  ਇਸ 'ਤੇ ਅਦਾਲਤ ਨੇ ਇਕ ਵਾਰ ਫਿਰ ਕਿਹਾ ਕਿ ਜੇਕਰ ਉਸ ਨੇ ਕੁੱਝ ਨਹੀਂ ਕੀਤਾ ਤਾਂ ਫਿਰ ਆਤਮ ਸਮਰਪਣ  ਕਿਉਂ ਨਹੀਂ ਕਰਦੀ? ਅਦਾਲਤ ਨੇ ਹਨੀਪ੍ਰੀਤ  ਦੇ ਵਕੀਲ ਨੂੰ ਪੁਛਿਆ ਕਿ ਹਨੀਪ੍ਰੀਤ ਜਾਂਚ ਕਿਵੇਂ ਜੁਆਇਨ ਕਰੇਗੀ? ਇਸ 'ਤੇ ਵਕੀਲ  ਨੇ ਕਿਹਾ ਕਿ ਜੇਕਰ ਤਿੰਨ ਹਫ਼ਤੇ ਦੀ ਰਾਹਤ ਮਿਲ ਜਾਂਦੀ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦੇਣਗੇ।  ਇਸ 'ਤੇ ਅਦਾਲਤ ਨੇ ਕਿਹਾ ਕਿ ਪਟੀਸ਼ਨ ਦਾਇਰ ਕਰਨ ਲਈ ਹਨੀਪ੍ਰੀਤ ਦਾ ਅਦਾਲਤ ਜਾਣਾ ਜ਼ਰੂਰੀ ਨਹੀਂ ਤੁਸੀਂ (ਵਕੀਲ) ਅਪਣੇ ਆਪ ਵੀ ਜਾ ਸਕਦੇ ਹੋ।

ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਵੀ ਅਪਣਾ ਪੱਖ ਰਖਿਆ। ਦਿੱਲੀ ਪੁਲਿਸ ਨੇ ਅਦਾਲਤ ਵਿਚ ਕਿਹਾ ਕਿ ਪੁਲਿਸ ਹਨੀਪ੍ਰੀਤ ਨੂੰ ਲੱਭ  ਰਹੀ ਹੈ ਅਤੇ ਉਹ ਭੱਜ ਰਹੀ ਹੈ। ਜੇਕਰ ਉਹ ਕਾਨੂੰਨ ਦਾ ਪਾਲਣ ਕਰਦੀ ਹੈ ਤਾਂ ਪੁਲਿਸ ਸਾਹਮਣੇ ਕਿਉਂ ਨਹੀਂ ਆਉਂਦੀ? ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਹਨੀਪ੍ਰੀਤ ਵਲੋਂ ਦਿੱਲੀ ਵਿਚਲੇ ਪਤੇ ਬਾਰੇ ਗ਼ਲਤ ਜਾਣਕਾਰੀ ਦਿਤੀ ਗਈ। ਦਿੱਲੀ ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਡਰੱਗ ਮਾਫ਼ੀਆ ਤੋਂ  ਖ਼ਤਰਾ ਹੈ ਤਾਂ ਦਿੱਲੀ ਪੁਲਿਸ ਸੁਰੱਖਿਆ ਦੇਣ ਨੂੰ ਤਿਆਰ ਹੈ।

ਸੁਣਵਾਈ  ਦੌਰਾਨ ਹਰਿਆਣਾ ਪੁਲਿਸ ਨੇ ਅਪਣਾ ਪੱਖ ਰਖਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਹੁਣ ਤਕ ਕੁਲ ਛੇ ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ । ਅਜਿਹੇ ਵਿਚ ਹਨੀਪ੍ਰੀਤ ਨੂੰ ਕਿਸੇ ਰੈਸਟ ਹਾਊਸ ਵਿਚ ਬਿਠਾ ਕੇ ਪੁਛਗਿਛ ਨਹੀਂ ਕੀਤੀ ਜਾ ਸਕਦੀ। ਹਰਿਆਣਾ ਪੁਲਿਸ ਨੇ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਦੇ ਕਈ ਸਥਾਨਾਂ 'ਤੇ ਛਾਪੇਮਾਰੀ ਕੀਤੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਸਥਾਨਾਂ ਦੇ ਨਾਮ ਨਹੀਂ ਦਸਿਆ ਜਿਨ੍ਹਾਂ ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਦਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਵਿਚ ਹਨੀਪ੍ਰੀਤ ਵਲੋਂ ਦਾਇਰ ਇਸ ਪਟੀਸ਼ਨ  ਵਿਚ
ਕਿਹਾ ਗਿਆ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ, ਉਹ ਬਚਪਨ ਤੋਂ ਹੀ ਡੇਰੇ ਨਾਲ ਜੁੜੀ ਹੋਈ ਹੈ, ਸੌਦਾ ਸਾਧ ਦੀ ਧੀ ਹੋਣਾ ਉਸ ਲਈ ਸੁਭਾਗ ਦੀ ਗੱਲ ਹੈ। ਹਰਿਆਣਾ ਪੁਲਿਸ ਨੇ ਉਸ ਦਾ ਨਾਮ ਵਾਂਟੇਡ ਲਿਸਟ ਵਿਚ ਪਾਇਆ ਹੋਇਆ ਹੈ। ਹਨੀਪ੍ਰੀਤ ਨੇ ਅਰਜ਼ੀ ਵਿਚ ਕਿਹਾ,''ਜਿਸ ਤਰ੍ਹਾਂ ਨਾਲ ਮੀਡੀਆ ਵਿਚ ਮੇਰਾ ਚਰਿੱਤਰ ਹਨਨ ਕੀਤਾ ਗਿਆ, ਮੇਰੇ ਕੋਲ ਅਦਾਲਤ ਦਾ ਦਰਵਾਜ਼ਾ ਖੜਕਾਉਣ   ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਮੇਰੇ ਵਿਰੁਧ ਕੋਈ ਮਾਮਲਾ ਨਹੀਂ ਹੈ,  ਜਬਰਨ ਮਾਮਲਾ ਬਣਾਇਆ  ਜਾ ਰਿਹਾ ਹੈ।'' ਹਨੀਪ੍ਰੀਤ ਨੇ ਅਪਣੀ ਅਰਜ਼ੀ ਵਿਚ ਕਿਹਾ,''”ਮੈਂ ਇਕੱਲੀ ਹਾਂ ਅਤੇ ਮੇਰਾ ਪਿਛਲਾ ਰੀਕਾਰਡ ਬਿਲਕੁਲ ਸਾਫ਼ ਹੈ । ਮੈਂ ਜਾਂਚ ਵਿਚ ਸ਼ਾਮਲ ਹੋਣਾ ਚਾਹੁੰਦੀ ਹਾਂ, ਮੈਂ ਅਦਾਲਤ ਦੀ ਇਜਾਜ਼ਤ  ਦੇ ਬਿਨਾਂ ਦੇਸ਼ ਤੋਂ ਬਾਹਰ ਵੀ ਨਹੀਂ ਜਾਵਾਂਗੀ।  ਮੇਰੀ ਅਪੀਲ  ਹੈ ਕਿ ਮੈਨੂੰ ਤਿੰਨ ਹਫ਼ਤੇ ਦੀ ਪੇਸ਼ਗੀ ਜ਼ਮਾਨਤ ਦਿਤੀ ਜਾਵੇ।''