ਚੰਡੀਗੜ੍ਹ,
28 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ
ਸੁਖਪਾਲ ਸਿੰਘ ਖਹਿਰਾ ਨੇ ਸੋਮਵਾਰ ਨੂੰ ਦਿੱਲੀ ਦੇ ਬਵਾਨਾ ਜ਼ਿਮਨੀ ਚੋਣ ਵਿਚ ਆਮ ਆਦਮੀ
ਪਾਰਟੀ ਦੇ ਉਮੀਦਵਾਰ ਰਾਮ ਚੰਦਰ ਦੀ ਜਿੱਤ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਰਵਿੰਦ
ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਅਣਥੱਕ ਮਿਹਨਤ ਲਈ ਉਨ੍ਹਾਂ ਨੂੰ ਵਧਾਈ
ਦਿਤੀ।
ਖਹਿਰਾ ਨੇ ਕਿਹਾ ਕਿ ਇਹ ਚੋਣ ਨਤੀਜਾ ਭਾਜਪਾ ਦੀ ਫੁੱਟ ਪਾਉ
ਰਾਜਨੀਤੀ ਵਿਰੁਧ ਦਿੱਲੀ ਦੀ ਜਨਤਾ ਵਲੋਂ ਦਿਤਾ ਗਿਆ ਫ਼ਤਵਾ ਹੈ। ਵਿਰੋਧੀ ਧਿਰ ਦੇ ਆਗੂ ਨੇ
ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ
ਦੇ ਵਿਧਾਇਕਾਂ ਨੂੰ ਗੁਮਰਾਹ ਕਰਨ ਦੀ
ਕੋਸ਼ਿਸ਼ ਕੀਤੀ ਅਤੇ ਦੇਸ਼ ਦੇ ਲੋਕਤੰਤਰ ਦੇ ਵਿਰੁਧ ਕਾਰਜ ਕੀਤਾ ਪਰੰਤੂ ਦਿੱਲੀ ਦੇ ਵੋਟਰ ਆਮ
ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਪੱਖੀ ਕੰਮਾਂ ਕਾਰਨ ਉਹਨਾਂ ਨਾਲ ਖੜੇ ਰਹੇ ਅਤੇ ਅਰਵਿੰਦ
ਕੇਜਰੀਵਾਲ ਦੇ ਪੱਖ ਵਿਚ ਫ਼ਤਵਾ ਦਿਤਾ। ਭਾਜਪਾ ਦੀ ਆਲੋਚਨਾ ਕਰਦਿਆਂ ਖਹਿਰਾ ਨੇ ਕਿਹਾ ਕਿ
ਇਹ ਚੋਣ ਦਿੱਲੀ ਦੇ ਵਸਨੀਕਾਂ ਅਤੇ ਸਰਕਾਰੀ ਖ਼ਜ਼ਾਨੇ ਉਪਰ ਭਾਜਪਾ ਵਲੋਂ ਜ਼ਬਰਦਸਤੀ ਥੋਪੀ ਗਈ
ਸੀ। ਇਸੇ ਕਾਰਨ ਹੀ ਲੋਕਾਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਉਸ ਨੂੰ ਨਕਾਰਿਆ
ਹੈ।
ਖਹਿਰਾ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ
ਆਦਮੀ ਪਾਰਟੀ ਦੀ ਸਰਕਾਰ ਲੋਕ ਭਲਾਈ ਦੇ ਅਨੇਕਾਂ ਕਾਰਜ ਕਰ ਰਹੀ ਹੈ ਅਤੇ ਸਮਾਜ ਦੇ ਪਿਛੜੇ
ਵਰਗਾਂ ਨੂੰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਮੁਹੱਈਆਂ ਕਰਵਾ ਰਹੀ ਹੈ। ਸਿਖਿਆ ਅਤੇ ਸਿਹਤ
ਸੇਵਾਵਾਂ ਦੇ ਖੇਤਰ ਵਿੱਚ ਹੋਏ ਕਾਰਜ ਉਪਰ ਅਪਣੀ ਸੰਤੁਸ਼ਟੀ ਜਾਹਿਰ ਕਰਦਿਆਂ ਖਹਿਰਾ ਨੇ
ਕਿਹਾ ਕਿ ਬਵਾਨਾ ਦੀ ਇਸ ਜਿੱਤ ਨੇ ਦਿੱਲੀ ਸਰਕਾਰ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ
ਨੂੰ ਜਾਰੀ ਰੱਖਣ 'ਤੇ ਮੋਹਰ ਲਗਾ ਦਿਤੀ ਹੈ।
ਖਹਿਰਾ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ
ਪਾਰਟੀ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਇਸ ਨਾਲ ਪਾਰਟੀ ਦਾ ਦਿੱਲੀ ਅਤੇ ਦੇਸ਼ ਦੇ
ਹੋਰ ਸੂਬਿਆਂ ਵਿਚ ਵਿਸਥਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਜਿੱਤ ਤੋਂ ਬਾਅਦ ਦੇਸ਼ ਭਰ ਦੇ
ਲੋਕਾਂ ਦਰਮਿਆਨ ਆਮ ਆਦਮੀ ਪਾਰਟੀ ਪ੍ਰਤੀ ਇਕ ਚੰਗਾ ਸੁਨੇਹਾ ਜਾਵੇਗਾ ਜਿਸ ਨਾਲ ਕਿ ਆਉਣ
ਵਾਲੇ ਸਮੇਂ ਵਿਚ ਹੋਰ ਲੋਕ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜਣਗੇ।