ਦੀਨਾਨਗਰ ਦੇ ਵਾਰਡ ਨੰਬਰ 7 ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤੀ

ਖ਼ਬਰਾਂ, ਰਾਸ਼ਟਰੀ

ਦੀਨਾਨਗਰ, 24 ਫ਼ਰਵਰੀ (ਦੀਪਕ ਮੰਨੀ): ਸਥਾਨਕ ਸ਼ਹਿਰ ਵਿਖੇ ਨਗਰ ਕੌਂਸਲ ਦੇ ਵਾਰਡ ਨੰਬਰ 7 ਵਿਚ ਅੱਜ ਹੋਈ ਜਿਮਨੀ ਚੌਣਾਂ ਵਿਚ ਕਾਂਗਰਸ ਦੀ ਆਸ਼ਾ ਦੇਵੀ ਭਾਜਪਾ ਦੀ ਉਮੀਦਵਾਰ ਕਿਰਨਾ ਦੇਵੀ ਨੂੰ 140 ਵੋਟਾਂ ਨਾਲ ਹਰਾ ਕੇ ਜੇਤੂ ਬਣੀ ਹੈ। ਕਾਂਗਰਸੀ ਉਮੀਦਵਾਰ ਨੂੰ 469 ਅਤੇ ਭਾਜਪਾ ਉਮੀਦਵਾਰ ਨੂੰ 329 ਵੋਟਾਂ ਮਿਲੀਆਂ ਹਨ।ਅੱਜ ਇਸ ਵਾਰਡ ਦੀ ਜ਼ਿਮਨੀ ਚੋਣ ਦੌਰਾਨ ਸਾਢੇ ਤਿੰਨ ਵਜੇ ਦੇ ਕਰੀਬ ਪੋਲਿੰਗ ਬੂਥ ਵਿਖੇ ਮਤਦਾਨ ਕਰਨ ਆਏ ਇਕ ਵੋਟਰ ਨੂੰ ਵਾਰਡ ਨੰਬਰ 7 ਦਾ ਨਾਂ ਹੋਣਾ ਦੱਸ ਕੇ ਭਾਜਪਾ ਦੇ ਪੋਲਿੰਗ ਏਜੰਟ ਰਾਮਪਾਲ ਨੇ ਇਤਰਾਜ਼ ਜਤਾਇਆ ਤਾਂ ਇੰਨੇ ਵਿਚ ਭਾਜਪਾ ਦੇ ਉਕਤ ਪੋਲਿੰਗ ਏਜੰਟ ਅਤੇ ਕਾਂਗਰਸੀ ਵਰਕਰਾਂ ਵਿਚ ਹੱਥੋਪਾਈ ਹੋ ਗਈ ਅਤੇ ਭਾਜਪਾ ਦਾ ਪੋਲਿੰਗ ਏਜੰਟ ਪੋਲਿੰਗ ਬੂਥ ਤੋਂ ਬਾਹਰ ਆ ਗਿਆ ਅਤੇ ਜੀ.ਟੀ.ਰੋਡ 'ਤੇ ਖੜੇ ਭਾਜਪਾ ਵਰਕਰਾਂ ਨਾਲ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ।