ਦੀਵਾਲੀ ਮਗਰੋਂ ਰਾਹੁਲ ਬਣ ਸਕਦੇ ਹਨ ਕਾਂਗਰਸ ਪ੍ਰਧਾਨ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 1 ਅਕਤੂਬਰ : ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲ ਲੈਣੀ ਚਾਹੀਦੀ ਹੈ  ਅਤੇ ਉਹ ਦੀਵਾਲੀ ਤੋਂ ਕੁੱਝ ਸਮੇਂ ਮਗਰੋਂ ਇਹ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੇਤਾਵਾਂ ਦੇ ਅੰਤਮ ਨਾਮ ਨੂੰ ਰਾਜਨੀਤੀ ਵਿਚ ਕੋਈ ਅਯੋਗਤਾ ਨਹੀਂ ਸਮਝਿਆ ਜਾਣਾ ਚਾਹੀਦਾ।

ਇਹ ਪੁੱਛੇ ਜਾਣ 'ਤੇ ਕਿ ਕਾਂਗਰਸ ਜਥੇਬੰਦਕ ਚੋਣਾਂ ਵਿਚ ਕੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਤਾਂ ਸਚਿਨ ਨੇ ਕਿਹਾ, 'ਪਾਰਟੀ ਵਿਚ ਆਮ ਭਾਵਨਾ ਤਾਂ ਇਹੋ ਹੈ।

ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਹਾਲਾਂਕਿ ਮੀਤ ਪ੍ਰਧਾਨ ਵਜੋਂ ਇਹ ਹਾਲੇ ਵੀ ਪਾਰਟੀ ਦੇ ਜ਼ਿਆਦਾ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਉਂਜ ਉਨ੍ਹਾਂ ਖ਼ੁਦ ਵੀ ਕਿਹਾ ਹੈ ਕਿ ਉਹ ਇਸ ਵਾਸਤੇ ਤਿਆਰ ਹਨ।'

ਸਚਿਨ ਨੇ ਕਿਹਾ, 'ਜਥੇਬੰਦਕ ਚੋਣਾਂ ਕਾਂਗਰਸ ਵਿਚ ਚੱਲ ਰਹੀਆਂ ਹਨ। ਨਵੇਂ ਪ੍ਰਧਾਨ ਦੀਵਾਲੀ ਮਗਰੋਂ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਇਸ ਦੀ ਯੋਜਨਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ।' ਰਾਹੁਲ ਨੇ ਪਿਛਲੇ ਮਹੀਨੇ ਅਮਰੀਕੀ ਯਾਤਰਾ ਦੌਰਾਨ ਕਿਹਾ ਸੀ ਕਿ ਉਹ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ। ਪ੍ਰਿਯੰਕਾ ਨੂੰ ਰਾਜਨੀਤੀ ਵਿਚ ਲਿਆਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਫ਼ੈਸਲਾ ਹੈ। ਪਰਵਾਰਵਾਦੀ ਰਾਜਨੀਤੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਤੁਹਾਡਾ ਕੰਮ ਗਿਣਿਆ ਜਾਂਦਾ ਹੈ। ਤੁਹਾਨੂੰ ਟਿਕਟ ਤਾਂ ਮਿਲ ਜਾਂਦੀ ਹੈ ਪਰ ਆਖ਼ਰੀ ਫ਼ੈਸਲਾ ਲੋਕ ਕਰਦੇ ਹਨ। ਮਹਿਜ਼ ਅਪਣੇ ਅੰਤਮ ਨਾਮ ਕਰ ਕੇ ਤੁਸੀਂ ਬਹੁਤ ਦੂਰ ਤਕ ਨਹੀਂ ਜਾ ਸਕਦੇ।' (ਏਜੰਸੀ)