ਦੀਵਾਲੀ ਤਕ ਤੇਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ : ਕੇਂਦਰੀ ਪਟਰੌਲੀਅਮ ਮੰਤਰੀ

ਖ਼ਬਰਾਂ, ਰਾਸ਼ਟਰੀ



ਅੰਮ੍ਰਿਤਸਰ, 18 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕੇਂਦਰੀ ਪਟਰੌਲੀਅਮ ਅਤੇ ਹੁਨਰ ਵਿਕਾਸ ਮੰਤਰੀ ਧਰਮਿੰਦਰ ਪ੍ਰਧਾਨ ਦਾ ਮੰਨਣਾ ਹੈ ਕਿ ਦੀਵਾਲੀ ਤਕ ਤੇਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ। ਅੱਜ ਅੰਮ੍ਰਿਤਸਰ ਪਹੁੰਚੇ ਧਰਮਿੰਦਰ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਰੋਜ਼ਾਨਾ ਤੈਅ ਹੁੰਦੀਆਂ ਹਨ। ਬੀਤੇ ਦਿਨੀਂ ਅਮਰੀਕਾ ਵਿਚ ਆਏ ਹੜ੍ਹਾਂ ਕਾਰਨ 13 ਫ਼ੀ ਸਦੀ ਰਿਫ਼ਾਇਨਰੀ ਤੇਲ ਘੱਟ ਹੋਇਆ ਹੈ ਜਿਸ ਕਾਰਨ ਥੋੜ੍ਹੇ ਦਿਨਾਂ ਵਿਚ ਕੀਮਤਾਂ ਵਧੀਆਂ ਹਨ।

ਕੇਂਦਰ ਸਰਕਾਰ ਨੇ ਤੇਲ ਦੀ ਕੀਮਤ ਰੋਜ਼ਾਨਾ ਅੰਤਰਰਾਸ਼ਟਰੀ ਕੀਮਤਾਂ ਨੂੰ ਧਿਆਨ ਵਿਚ ਰੱਖ ਕੇ ਨਿਰਧਾਰਤ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਕਾਰਨ ਖਪਤਕਾਰ 'ਤੇ ਇਕਦਮ ਬੋਝ ਨਹੀਂ ਪੈਂਦਾ ਅਤੇ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ ਕੀਮਤ ਰੋਜ਼ ਘੱਟ-ਵੱਧ ਹੋ ਰਹੀ ਹੈ। ਤੇਲ ਕੰਪਨੀਆਂ ਵਲੋਂ ਵੱਧ ਮੁਨਾਫ਼ਾ ਕਮਾਏ ਜਾਣ ਬਾਰੇ ਧਰਮਿੰਦਰ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਤੇਲ ਕੰਪਨੀਆਂ ਸਰਕਾਰੀ ਹਨ ਅਤੇ ਸਾਰਾ ਕੁੱਝ ਪਾਰਦਰਸ਼ੀ ਹੋ ਰਿਹਾ ਹੈ ਜੋ ਵੀ ਉਹ ਮੁਨਾਫ਼ਾ ਕਮਾਉਂਦੀਆਂ ਹਨ ਉਹ ਸਰਕਾਰ ਵਲੋਂ ਲੋਕਾਂ ਦੇ ਭਲੇ ਵਾਸਤੇ ਵੱਖ-ਵੱਖ ਕੰਮਾਂ 'ਤੇ ਖ਼ਰਚ ਕੀਤਾ ਜਾਂਦਾ ਹੈ। ਤੇਲ ਉਤਪਾਦ ਨੂੰ ਜੀ ਐਸ ਟੀ ਹੇਠ ਲਿਆਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਮੰਨਣਾ ਹੈ ਕਿ ਤੇਲ ਤੇ ਜੀ ਐਸ ਟੀ ਲਾਗੂ ਹੋਣਾ ਖਪਤਕਾਰ ਦੇ ਪੱਖ ਵਿਚ ਰਹੇਗਾ ਅਤੇ ਆਸ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਸਾਰੇ ਰਾਜ ਅਤੇ ਜੀ ਐਸ ਟੀ ਕਾਉਂਸਲ ਤੇਲ ਨੂੰ ਅਪਣੇ ਹੇਠ ਲੈ ਲਵੇਗੀ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਪੰਜਾਬ ਵਿਚ ਹੁਨਰ ਵਿਕਾਸ ਕੇਂਦਰ ਨੂੰ ਇਥੋਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਸਤ ਕਰਨ ਦਾ ਸੁਝਾਅ ਦਿੰਦੇ ਕਿਹਾ ਕਿ ਜੇਕਰ ਵੱਡੀਆਂ ਸਿਖਿਆ ਸੰਸਥਾਵਾਂ, ਸਮਾਜਕ ਤੇ ਧਾਰਮਕ  ਸੰਗਠਨਾਂ ਨੂੰ ਇਸ ਨਾਲ ਜੋੜ ਲਿਆ ਜਾਵੇ ਤਾਂ ਇਸ ਦਾ ਵੱਡਾ ਲਾਹਾ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਸਕਦਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਵਲੋਂ ਸਵੱਛ ਭਾਰਤ ਮੁਹਿੰਮ ਸਬੰਧੀ ਛੇੜੀ ਚਰਚਾ ਅਤੇ ਕੀਤੀ ਗਈ ਮੰਗ 'ਤੇ ਸ੍ਰੀ ਪ੍ਰਧਾਨ ਨੇ ਵਾਹਗਾ ਸਰਹੱਦ 'ਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਪਬਲਿਕ ਪਖ਼ਾਨਾ  ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸੈਕਟਰੀ ਇੰਡਸਟਰੀਅਲ ਟ੍ਰੇਨਿੰਗ ਅਤੇ ਤਕਨੀਕੀ ਸਿਖਿਆ ਸ੍ਰੀਮਤੀ ਭਾਵਨਾ ਗਰਗ ਨੇ ਧਰਮਿੰਦਰ ਪ੍ਰਧਾਨ ਨਾਲ ਪੰਜਾਬ ਦੇ ਹੁਨਰ ਵਿਕਾਸ ਕੇਂਦਰਾਂ ਬਾਰੇ ਵਿਸਥਾਰਤ ਗੱਲਬਾਤ ਕੀਤੀ। ਇਸ ਮੌਕੇ ਐਸ ਡੀ ਐਮ ਨੀਤੀਸ਼ ਸਿੰਗਲਾ, ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।