ਨਵੀਂ ਦਿੱਲੀ, 10 ਨਵੰਬਰ: ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨ ਬੈਂਚ ਜੱਜ ਦੇ ਨਾਮ 'ਤੇ ਕਥਿਤ ਤੌਰ 'ਤੇ ਰਿਸ਼ਵਤ ਲਏ ਜਾਣ ਦੇ ਮਾਮਲੇ ਵਿਚ ਵੱਡਾ ਬੈਂਚ ਕਾਇਮ ਕਰਨ ਦੇ ਦੋ ਜੱਜਾਂ ਦੇ ਫ਼ੈਸਲੇ ਨੂੰ ਅਪਣੇ ਹੁਕਮ ਰਾਹੀਂ ਪਲਟ ਦਿਤਾ। ਬੈਂਚ ਨੇ ਕਿਹਾ ਕਿ ਮੁੱਖ ਜੱਜ 'ਅਦਾਲਤ ਦੇ ਮੁਖੀ' ਹਨ ਅਤੇ ਮਾਮਲਿਆਂ ਨੂੰ ਵੰਡਣ ਦਾ ਇਕੋ ਇਕ ਵਿਸ਼ੇਸ਼ ਅਧਿਕਾਰ ਉਨ੍ਹਾਂ ਕੋਲ ਹੈ। ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਕਿ ਨਾ ਤਾਂ ਦੋ ਜੱਜਾਂ ਅਤੇ ਨਾ ਹੀ ਤਿੰਨ ਜੱਜਾਂ ਦਾ ਕੋਈ ਜੱਜ ਸੀਜੇਆਈ ਨੂੰ ਵਿਸ਼ੇਸ਼ ਜੱਜ ਗਠਿਤ ਕਰਨ ਦਾ ਨਿਰਦੇਸ਼ ਦੇ ਸਕਦੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਜੱਜਾਂ ਦੇ ਨਾਂਅ 'ਤੇ ਰਿਸ਼ਵਤ ਲੈਣ ਦੇ ਮਾਮਲੇ ਸਬੰਧੀ ਬੀਤੇ ਦਿਨੀਂ ਦਾਖ਼ਲ ਕੀਤੀ ਗਈ ਦੂਜੀ ਪਟੀਸ਼ਨ ਬਾਬਤ ਗ਼ੈਰ ਸਰਕਾਰੀ ਸੰਗਠਨ ਦੇ ਵਕੀਲ ਨੂੰ ਕਿਹਾ ਕਿ ਜਦ ਇਹ ਮਾਮਲਾ ਅੱਠ ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਸਬੰਧਤ ਬੈਂਚ ਸਾਹਮਣੇ ਪੇਸ਼ ਕਰਨ ਲਈ ਹੁਕਮ ਦਿਤਾ ਗਿਆ ਸੀ ਤਾਂ ਅਜਿਹੀ ਕਿਹੜੀ ਲੋੜ ਪੈ ਗਈ ਸੀ ਕਿ ਇਸ ਮਾਮਲੇ ਸਬੰਧੀ ਦੂਜੀ ਪਟੀਸ਼ਨ ਕਲ ਅਦਾਲਤ ਨੰਬਰ 2 ਵਿਚ ਦਾਖ਼ਲ ਕੀਤੀ ਗਈ? ਜੱਜਾਂ ਨੇ ਕਿਹਾ ਕਿ ਕਿਸੇ ਨੂੰ ਵੀ ਨਿਆਂ ਪ੍ਰਣਾਲੀ ਨੂੰ ਗੰਦਲਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾ ਸਕਦਾ ਅਤੇ ਕਾਨੂੰਨ ਅਪਣਾ ਕੰਮ ਕਰੇਗਾ। ਪਟੀਸ਼ਨ ਦਾਖ਼ਲ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨ ਜੁਡੀਸ਼ਲ ਜਵਾਬਦੇਹੀ ਲਈ ਮੁਹਿੰਮ ਵਲੋਂ ਪੇਸ਼ ਹੋਏ ਵਕੀਲ ਨੂੰ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਉਹ ਦੁਖਦਾਈ ਹੈ। ਜਸਟਿਸ ਏ.ਕੇ. ਸੀਕਰੀ ਅਤੇ ਅਸ਼ੋਕ ਭੂਸ਼ਣ ਦੀ ਬੈਂਚ ਨੇ ਕਿਹਾ ਕਿ ਜੱਜਾਂ ਦੇ ਨਾਂਅ 'ਤੇ ਰਿਸ਼ਵਤ ਲੈਣ ਦਾ ਮਾਮਲਾ ਕਾਫ਼ੀ ਗੰਭੀਰ ਹੈ, ਇਸ ਲਈ ਇਸ ਮਾਮਲੇ ਦੀ ਅਹਿਮੀਅਤ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਕਿਹਾ, 'ਸੀਬੀਆਈ ਨੇ ਛਾਪੇ ਮਾਰੇ ਹਨ ਅਤੇ ਮਾਮਲਾ ਦਰਜ ਹੋ ਚੁਕਾ ਹੈ। ਇਹ ਮਾਮਲਾ ਕਾਫ਼ੀ ਗੰਭੀਰ ਹੈ। ਸਾਡੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਵਿਅਕਤੀ ਨਿਆਂ ਪ੍ਰਣਾਲੀ ਨੂੰ ਗੰਦਲਾ ਨਾ ਕਰ ਸਕੇ। ਭਾਵੇਂ ਮੁਲਜ਼ਮ ਤਾਕਤਵਰ ਹੈ ਜਾਂ ਨਹੀਂ ਪਰ ਕਾਨੂੰਨ ਤੋਂ ਬਚ ਨਹੀਂ ਸਕਦਾ।'
ਵਕੀਲ ਅਸ਼ੋਕ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਦੁਖ ਹੋਇਆ ਕਿ ਕਿਉਂਕਿ ਅੱਠ ਨਵੰਬਰ ਨੂੰ ਰਜਿਸਟਰੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਜਿਸ ਮਾਮਲੇ ਨੂੰ ਅਦਾਲਤ ਨੰਬਰ 2 ਵਿਚ ਸੂਚੀਬੱਧ ਕਰਨ ਦਾ ਨਿਰਦੇਸ਼ ਦਿਤਾ ਗਿਆ ਸੀ, ਉਸ ਨੂੰ ਕਿਸੇ ਹੋਰ ਬੈਂਚ ਨੂੰ ਸੌਂਪ ਦਿਤਾ ਗਿਆ ਹੈ ਕਿਉਂਕਿ ਚੀਫ਼ ਜਸਟਿਸ ਨੇ ਇਸ ਬਾਰੇ ਪਹਿਲਾਂ ਹੀ ਹੁਕਮ ਦਿਤਾ ਸੀ। ਬੈਂਚ ਨੇ ਕਿਹਾ ਕਿ ਚੀਫ਼ ਜਸਟਿਸ ਇਹ ਫ਼ੈਸਲਾ ਕਰਦੇ ਹਨ ਕਿ ਕਿਹੜੇ ਬੈਂਚ ਦੇ ਸਾਹਮਣੇ ਕੋਈ ਮਾਮਲਾ ਸੂਚੀਬੱਧ ਕੀਤਾ ਜਾਵੇਗਾ।
ਬੈਂਚ ਨੇ ਕਿਹਾ, 'ਇਸ ਮਾਮਲੇ ਵਿਚ ਪੂਰੀ ਤਰ੍ਹਾਂ ਜਾਂਚ ਹੋਣ ਦੀ ਲੋੜ ਹੈ ਕਿ ਇਸ ਮਾਮਲੇ ਵਿਚ ਸੀਬੀਆਈ ਨੂੰ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿਤੀ ਜਾਵੇ ਜਾਂ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ ਜਿਵੇਂ ਤੁਸੀ ਮੰਗ ਕੀਤੀ ਹੈ।' ਭੂਸ਼ਣ ਨੇ ਕਿਹਾ, 'ਅਦਾਲਤ ਨੇ ਇਕ ਬੈਂਚ ਤੋਂ ਸੁਣਵਾਈ ਦਾ ਹੁਕਮ ਦਿਤਾ ਹੈ, ਇਸ ਲਈ ਹੋਰ ਕੀ ਮੰਗਿਆ ਜਾ ਸਕਦਾ ਹੈ, ਤੁਸੀਂ (ਜਸਟਿਸ ਸੀਕਰੀ) ਉਸ ਬੈਂਚ ਦਾ ਹਿੱਸਾ ਹੋ ਸਕਦੇ ਹੋ।' ਇਸ 'ਤੇ ਜਸਟਿਸ ਸੀਕਰੀ ਨੇ ਕਿਹਾ, 'ਮੇਰੀ ਇਸ ਵਿਚ ਦਿਲਚਸਪੀ ਨਹੀਂ ਹੈ, ਜੇ ਤੁਸੀਂ ਆਖੋ ਤਾਂ ਮੈਂ ਉਸ ਬੈਂਚ ਤੋਂ ਖ਼ੁਦ ਨੂੰ ਵੱਖ ਕਰ ਸਕਦਾ ਹਾਂ।' (ਪੀ.ਟੀ.ਆਈ.)