ਰਾਮੱਲਾ, 10 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਫ਼ਲਸਤੀਨ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਪ੍ਰਤੀ ਭਾਰਤ ਵਚਨਬੱਧ ਹੈ। ਉਨ੍ਹਾਂ ਕਿਹਾ, 'ਸਾਡੀ ਵਿਦੇਸ਼ ਨੀਤੀ ਵਿਚ ਫ਼ਲਸਤੀਨ ਹਮੇਸ਼ਾ ਹੀ ਤਰਜੀਹੀ ਸੂਚੀ ਵਿਚ ਰਿਹਾ ਹੈ। ਅਸੀਂ ਇਸ ਖ਼ਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਦੇ ਹੱਕ ਵਿਚ ਹਾਂ।' ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਅੱਜ ਮੋਦੀ ਨੇ ਅੱਜ ਮੁਲਾਕਾਤ ਕੀਤੀ। ਦੋਹਾਂ ਆਗਆਂ ਨੇ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਅਤੇ ਬਾਅਦ ਵਿਚ ਸਾਂਝਾ ਬਿਆਨ ਜਾਰੀ ਕੀਤਾ ਗਿਆ। ਮੋਦੀ ਨੇ ਕਿਹਾ ਕਿ 'ਰਾਸ਼ਟਰਪਤੀ ਨੇ ਮੈਨੂੰ ਅਪਣੇ ਦੇਸ਼ ਦੇ ਸਰਬਉੱਚ ਸਨਮਾਨ ਨਾਲ ਸਨਮਾਨਿਆ ਹੈ, ਇਹ ਸਾਰੇ ਭਾਰਤ ਦਾ ਸਨਮਾਨ ਹੈ।' ਮੋਦੀ ਨੇ ਕਿਹਾ ਕਿ ਭਾਰਤ ਅਤੇ ਫ਼ਲਸਤੀਨ ਵਿਚਕਾਰ ਜਿਹੜੇ ਪੁਰਾਣੇ ਅਤੇ ਮਜ਼ਬੂਤ ਇਤਿਹਾਸਕ ਸਬੰਧ ਹਨ, ਉਹ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਹਨ। ਫ਼ਲਸਤੀਨ ਦੇ ਹਿਤਾਂ ਨੂੰ ਸਾਡਾ ਸਮਰਥਨ ਸਾਡੀ ਵਿਦੇਸ਼ ਨੀਤੀ ਵਿਚ ਸੱਭ ਤੋਂ ਉਪਰ ਰਿਹਾ ਹੈ। ਇਸ ਦੌਰਾਨ ਦੋਹਾਂ ਧਿਰਾਂ ਨੇ ਤਿੰਨ ਕਰੋੜ ਡਾਲਰ ਦੀ ਲਾਗਤ ਨਾਲ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਸਮੇਤ ਤਕਰੀਬਨ ਪੰਜ ਕਰੋੜ ਡਾਲਰ ਮੁਲ ਦੇ ਸਮਝੌਤਿਆਂ ਦੇ ਹਸਤਾਖਰ ਕੀਤੇ। ਰਾਸ਼ਟਰਪਤੀ ਅੱਬਾਸ ਨੇ ਰਾਮੱਲਾ ਸਥਿਤ ਰਾਸ਼ਟਰਪਤੀ ਭਵਨ ਵਿਚ ਮੋਦੀ ਦੀ ਅਗਵਾਈ ਕੀਤੀ। ਅੱਬਾਸ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਮੋਦੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਇਹ ਓਨਾ ਆਸਾਨ ਨਹੀਂ ਹੈ ਪਰ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਾਫ਼ੀ ਕੁੱਝ ਦਾਅ 'ਤੇ ਹੈ।'