ਡੋਕਲਾਮ : ਵਿਵਾਦ ਵਾਲੀ ਥਾਂ ਤੋਂ ਭਾਰਤ ਤੇ ਚੀਨ ਦੇ ਫ਼ੌਜੀ ਹਟਣਗੇ

ਖ਼ਬਰਾਂ, ਰਾਸ਼ਟਰੀ



ਨਵੀਂ ਦਿੱਲੀ, 28 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਚੀਨ ਯਾਤਰਾ ਤੋਂ ਇਕ ਹਫ਼ਤੇ ਪਹਿਲਾਂ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਨੇ ਡੋਕਲਾਮ 'ਚ ਵਿਵਾਦ ਵਾਲੀ ਥਾਂ ਤੋਂ ਸਰਹੱਦੀ ਫ਼ੌਜਾਂ ਨੂੰ ਪਿੱਛੇ ਹਟਾਉਣ ਪ੍ਰਤੀ ਸਹਿਮਤੀ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ 'ਕੂਟਨੀਤਕ ਸਬੰਧ' ਬਰਕਰਾਰ ਰੱਖੇ ਹਨ ਅਤੇ ਭਾਰਤ ਚੀਨ ਨੂੰ ਅਪਣੇ ਹਿੱਤ, ਚਿੰਤਾਵਾਂ ਅਤੇ ਰੁਖ਼ ਤੋਂ ਜਾਣੂੰ ਕਰਾਉਣ ਵਿਚ ਸਫ਼ਲ ਰਿਹਾ ਹੈ। ਸਰਕਾਰ ਦੇ ਇਸ ਬਿਆਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਸੰਭਾਵੀ ਚੀਨ ਯਾਤਰਾ ਤੋਂ ਪਹਿਲਾਂ ਡੋਕਲਾਮ ਵਿਵਾਦ ਸੁਲਝ ਜਾਣ ਦੀ ਉਮੀਦ ਬੱਝੀ ਹੈ।     ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਚੀਨ ਨਾਲ ਕੂਟਨੀਤਕ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਹਮੋ ਸਾਹਮਣੇ ਤੋਂ ਸੁਰੱਖਿਆ ਬਲਾਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਪਿਛਲੇ ਕੁੱਝ ਹਫ਼ਤਿਆਂ ਵਿਚ ਭਾਰਤ ਅਤੇ ਚੀਨ ਨੇ ਡੋਕਲਾਮ ਮਾਮਲੇ ਦੇ ਸਬੰਧ ਵਿਚ ਕੂਟਨੀਤਕ ਸਬੰਧ ਬਰਕਰਾਰ ਰੱਖੇ ਹਨ। ਗੱਲਬਾਤ ਦੇ ਆਧਾਰ 'ਤੇ ਡੋਕਲਾਮ ਵਿਚ ਵਿਵਾਦ ਵਾਲੀ ਥਾਂ ਤੋਂ ਸਰਹੱਦੀ ਬਲਾਂ ਨੂੰ ਆਹਮਣੇ ਸਾਹਮਣੇ ਦੀ ਸਥਿਤੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਕਵਾਇਦ ਸ਼ੁਰੂ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਭਾਰਤ ਅਤੇ ਚੀਨ ਵਿਚਕਾਰ ਕਰੀਬ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਰੇੜਕਾ ਕਾਇਮ ਹੈ। ਇਹ ਰੌਲਾ ਉਦੋਂ ਸ਼ੁਰੂ ਹੋਇਆ ਸੀ ਜਦ ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜ ਨੂੰ ਇਲਾਕੇ ਵਿਚ ਇਕ ਸੜਕ ਦਾ ਨਿਰਮਾਣ ਕਰਨ ਤੋਂ ਰੋਕ ਦਿਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਤੋਂ ਪੰਚ ਸਤੰਬਰ ਤਕ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ।  (ਏਜੰਸੀ)