ਰਾਹੁਲ ਨੇ ਕੀਤਾ ਸਵਾਲ, ਏਨੀ ਵੱਡੀ ਰਕਮ ਸਰਕਾਰ ਦੇ ਇਸ਼ਾਰੇ ਬਿਨਾਂ ਕੋਈ ਬੈਂਕ ਨਹੀਂ ਦੇ ਸਕਦਾ
ਨਵੀਂ ਦਿੱਲੀ, 17 ਫ਼ਰਵਰੀ: ਨੀਰਵ ਮੋਦੀ ਨਾਲ ਜੁੜੇ ਘਪਲੇ ਦੀ ਅਣਦੇਖੀ ਕਰਨ ਦਾ ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਲਾਉਂਦਿਆਂ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਇਹ ਦਸਣਾ ਚਾਹੀਦਾ ਹੈ ਕਿ ਏਨਾ ਵੱਡਾ ਘਪਲਾ ਕਿਉਂ ਅਤੇ ਕਿਸ ਤਰ੍ਹਾਂ ਹੋਇਆ? ਉਨ੍ਹਾਂ ਕਿਹਾ ਕਿ ਮੋਦੀ ਇਹ ਵੀ ਦੱਸਣ ਕਿ ਪ੍ਰਧਾਨ ਮੰਤਰੀ ਇਸ ਬਾਰੇ ਕੀ ਕਰ ਰਹੇ ਹਨ? ਉਨ੍ਹਾਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਹਵਾਲੇ ਨਾਲ ਕਿਹਾ ਕਿ ਏਨਾ ਵੱਡਾ ਘਪਲਾ 'ਉਪਰਲੀ ਹਮਾਇਤ ਤੋਂ ਬਗ਼ੈਰ' ਹੋ ਹੀ ਨਹੀਂ ਸਕਦਾ। ਰਾਹੁਲ ਨੇ ਕਿਹਾ ਕਿ ਇਸ ਘਪਲੇ ਬਾਰੇ ਜਿਨ੍ਹਾਂ ਲੋਕਾਂ ਨੂੰ ਨਹੀਂ ਬੋਲਣਾ ਚਾਹੀਦਾ ਸੀ ਉਹ ਬੋਲ ਰਹੇ ਹਨ ਪਰ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਚੁਪ ਹਨ। ਕਾਂਗਰਸ ਪ੍ਰਧਾਨ ਨੇ ਪਾਰਟੀ ਦੀ ਸੰਚਾਲਨ ਕਮੇਟੀ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਘਪਲੇ ਦੀ ਸ਼ੁਰੂਆਤ ਅੱਠ ਨਵੰਬਰ, 2016 ਉਸੇ ਵੇਲੇ ਹੋ ਗਈ ਸੀ ਜਦੋਂ ਪ੍ਰਧਾਨ ਮੰਤਰੀ ਨੇ 500 ਅਤੇ ਇਕ ਹਜ਼ਾਰ ਦੇ ਨੋਟਾਂ ਨੂੰ ਬੰਦ ਕਰ ਦਿਤਾ ਸੀ ਅਤੇ ਦੇਸ਼ ਦਾ ਸਾਰਾ ਪੈਸਾ ਬੈਂਕਿੰਗ ਪ੍ਰਣਾਲੀ 'ਚ ਪਾ ਦਿਤਾ ਸੀ।'' ਉਨ੍ਹਾਂ ਕਿਹਾ ਕਿ ਇਸੇ ਕਰ ਕੇ 22 ਹਜ਼ਾਰ ਕਰੋੜ ਰੁਪਏ ਬੈਂਕ 'ਚੋਂ ਕੱਢ ਲਏ ਗਏ।
ਉਨ੍ਹਾਂ ਸਵਾਲ ਕੀਤਾ ਕਿ ਇਸ ਪੈਸੇ ਨੂੰ ਲੈ ਕੇ ਇਸ ਘਪਲੇ ਲਈ ਕੌਣ ਜ਼ਿੰਮੇਵਾਰ ਹੈ? ਇਸ ਤੋਂ ਪਹਿਲਾਂ ਕਾਂਗਰਸ ਆਗੂ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਅਰਥਚਾਰੇ ਦੇ ਗੋਡੇ ਲਵਾਉਣ ਦਾ ਦੋਸ਼ ਲਾਇਆ ਅਤੇ ਚੌਕਸ ਕੀਤਾ ਕਿ ਉਸ ਦੀ ਅਗਵਾਈ 'ਚ ਕੋਮਾਂਤਰੀ ਪੱਧਰ 'ਤੇ ਦੇਸ਼ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਸਕਰਾਰ 'ਤੇ 'ਗੰਢਤੁਪ ਵਾਲੇ ਪੂੰਜੀਵਾਦ ਨੂੰ ਸੰਸਥਾਗਤ' ਰੂਪ ਦੇਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਦੇ ਚੌਕੀਦਾਰ ਹੁੰਦੇ ਹੋਏ ਸੌਂ ਰਹੇ ਸਨ ਅਤੇ ਚੋਰ ਦੇਸ਼ ਦੀ ਜਾਇਦਾਦ ਚੋਰੀ ਕਰ ਕੇ ਭੱਜ ਰਹੇ ਸਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਕਾਂਗਰਸ 'ਤੇ ਇਸ ਮਾਮਲੇ 'ਚ ਝੂਠ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਘਪਲਾ ਪਿਛਲੀ ਯੂ.ਪੀ.ਏ. ਦੀ ਸਰਕਾਰ ਵੇਲੇ ਹੋਇਆ ਸੀ। ਭਾਜਪਾ ਨੇ ਕਾਂਗਰਸ ਨੂੰ ਜਵਾਬ ਦੇਣ ਲਈ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਸਾਹਮਣੇ ਕੀਤਾ। ਨਿਰਮਲਾ ਨੇ ਕਿਹਾ ਕਿ ਭਾਵੇਂ ਨੀਰਵ ਮੋਦੀ ਦੇਸ਼ 'ਚੋਂ ਭੱਜਣ 'ਚ ਕਾਮਯਾਬ ਰਿਹਾ ਹੋਵੇ ਪਰ ਸਰਕਾਰ ਉਸ ਵਿਰੁਧ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਰਾਹੁਲ ਗਾਂਧੀ ਹੀ ਸਨ ਜਿਨ੍ਹਾਂ ਨੇ ਨੀਰਵ ਮੋਦੀ ਦੇ ਇਕ ਪ੍ਰਚਾਰ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ। (ਪੀਟੀਆਈ)