ਫ਼ੌਜ ਪੁਲ ਬਣਾਉਣ ਜਾਂ ਸੜਕਾਂ ਸਾਫ਼ ਕਰਨ ਲਈ ਨਹੀਂ ਹੁੰਦੀ: ਕੈਪਟਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 31 ਅਕਤੂਬਰ (ਸੁਖਰਾਜ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਮੁੰਬਈ ਵਿਚ ਐਲਫਿਨਸਟੋਨ ਪੁਲ ਦੀ ਮੁੜ ਉਸਾਰੀ ਲਈ ਭਾਰਤੀ ਫ਼ੌਜ ਦੀਆਂ ਸੇਵਾਵਾਂ ਲੈਣ ਦੇ ਫ਼ੈਸਲੇ ਨੂੰ ਅਫ਼ਸੋਸਜਨਕ ਦਸਦਿਆਂ ਇਸ ਦੀ ਆਲੋਚਨਾ ਕੀਤੀ ਜਿਸ ਨਾਲ ਸਰਕਾਰ ਅਤੇ ਭਾਰਤੀ ਰੇਲਵੇ ਦੇ ਅਸਫ਼ਲ ਰਹਿਣ ਦੀ ਪੁਸ਼ਟੀ ਵੀ ਹੁੰਦੀ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫ਼ੌਜ ਦਾ ਕੰਮ ਜੰਗ ਲਈ ਸਿਖਲਾਈ ਅਤੇ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਪੁਲ ਅਤੇ ਸੜਕਾਂ ਦੀ ਸਫ਼ਾਈ ਕਰਨਾ ਹੈ। ਉਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਸੇਵਾਵਾਂ ਨੂੰ ਸੰਕਟਹੀਣ ਸਿਵਲ ਕਾਰਜਾਂ ਲਈ ਵਰਤ ਕੇ ਫ਼ੌਜ ਦੀ ਅਜਿਹੀ ਦੁਰਵਰਤੋਂ ਨਾਲ ਨਿਕਲਣ ਵਾਲੇ ਗੰਭੀਰ ਸਿੱਟਿਆਂ ਵਿਰੁਧ ਖ਼ਬਰਦਾਰ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਪਰ ਅਜਿਹੇ ਫ਼ੈਸਲਿਆਂ ਨੂੰ ਮੈਰਿਟ 'ਤੇ ਨਹੀਂ ਲਿਆ ਜਾਂਦਾ ਜਿਸ ਦੇ ਦੂਰਗਾਮੀ ਮਾੜੇ ਸਿੱਟੇ ਨਿਕਲਣ ਵਾਲੇ ਹੋਣ ਕਿਉਂਕਿ ਇਸ ਫ਼ੈਸਲੇ ਨਾਲ ਜਦੋਂ ਵੀ ਸਰਕਾਰਾਂ ਬੁਨਿਆਦੀ ਢਾਂਚਾ ਜਾਂ ਅਜਿਹੀਆਂ ਹੋਰ ਚੁਨੌਤੀਆਂ ਨਾਲ ਨਜਿੱਠਣ ਲਈ ਬੇਵੱਸ ਹੋ ਜਾਇਆ ਕਰਨਗੀਆਂ ਤਾਂ ਹਰ ਵਾਰ ਵੱਡੇ ਸਿਵਲੀਅਨ ਕਾਰਜਾਂ ਲਈ ਫ਼ੌਜ ਦੀ ਮਦਦ ਮੰਗਣ ਦਾ ਰੁਝਾਨ ਵਧ ਜਾਵੇਗਾ।