ਨਵੀਂ ਦਿੱਲੀ: ਲੋਕ ਸਭਾ ਵਿਚ ਅੱਜ ਕਾਂਗਰਸ ਨੇ ਪੁਲਵਾਮਾ ਵਿਚ ਸੀਆਰਪੀਐਫ਼ ਕੈਂਪ 'ਤੇ ਹੋਏ ਅਤਿਵਾਦੀ ਹਮਲੇ ਦਾ ਮੁੱਦਾ ਚੁਕਿਆ ਅਤੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁੱਪ ਰਹਿਣ ਦਾ ਦੋਸ਼ ਲਗਾਉਂਦਿਆਂ ਸਰਕਾਰ ਤੋਂ ਪਾਕਿਸਤਾਨ ਸਮੇਤ ਵਿਦੇਸ਼ ਨੀਤੀ 'ਤੇ ਅਪਣੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ।
ਸਿਫ਼ਰਕਾਲ ਦੌਰਾਨ ਪੁਲਵਾਮਾ ਅਤਿਵਾਦੀ ਹਮਲੇ ਦਾ ਮੁੱਦਾ ਚੁਕਦਿਆਂ ਕਾਂਗਰਸ ਦੇ ਜੋਤਿਰਾਦਿਤਯ ਸਿੰਧੀਆ ਨੇ ਕਿਹਾ ਕਿ ਫ਼ੌਜ ਅਤੇ ਜਵਾਨ ਦੇਸ਼ ਦੀ ਰਖਿਆ ਲਈ ਤਤਪਰ ਹਨ ਪਰ ਚਿੰਤਾ ਇਸ ਗੱਲ ਦੀ ਹੈ ਕਿ ਸਰਕਾਰ ਉਨ੍ਰਾਂ ਦੀ ਸੁਰੱਖਿਆ ਬਾਰੇ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਪੋਰ, ਪਠਾਨਕੋਟ ਸਮੇਤ ਕਈ ਥਾਈਂ ਅਤਿਵਾਦੀ ਹਮਲੇ ਹੋਏ, ਕਈ ਕਮੇਟੀਆਂ ਵੀ ਬਣੀਆਂ ਪਰ ਇਨ੍ਹਾਂ 'ਤੇ ਕੋਈ ਅਮਲ ਨਹੀਂ ਹੋ ਰਿਹਾ। ਸਿੰਧੀਆ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਸਨ ਕਿ ਇਕ ਸਿਰ ਦੇ ਬਦਲੇ 10 ਸਿਰ ਲਿਆਵਾਂਗੇ, ਉਹ ਅੱਜ ਚੁੱਪ ਕਿਉਂ ਹਨ? ਦੇਸ਼ ਦੇ ਪ੍ਰਧਾਨ ਮੰਤਰੀ ਇਸ ਬਾਰੇ ਕੋਈ ਗੱਲ ਨਹੀਂ ਕਰ ਰਹੇ। ਇਕ ਸਾਲ ਵਿਚ 82 ਫ਼ੌਜੀਆਂ ਨੇ ਜਾਨ ਦਿਤੀ ਹੈ। ਪਾਕਿਸਤਾਨ ਪ੍ਰਤੀ ਸਰਕਾਰ ਦੀ ਕੀ ਨੀਤੀ ਹੈ?