ਗਊ ਰਖਿਅਕ ਕੇਰਲਾ ਦੀ ਦੁਧ ਕ੍ਰਾਂਤੀ ਯੋਜਨਾ ਲਈ ਖ਼ਤਰਾ : ਮੰਤਰੀ

ਖ਼ਬਰਾਂ, ਰਾਸ਼ਟਰੀ

ਤਿਰੂਵਨੰਤਪੁਰਮ, 24 ਸਤੰਬਰ : ਕੇਰਲਾ ਦੇ ਪਸ਼ੂਪਾਲਣ ਮੰਤਰੀ ਦਾ ਕਹਿਣਾ ਹੈ ਕਿ ਰਾਜ ਵਿਚ ਦੁਧ ਉਤਪਾਦਨ ਵਿਚ ਆਤਮਨਿਰਭਰਤਾ ਹਾਸਲ ਕਰਨ ਦੀ ਯੋਜਨਾ ਲਈ ਗਊ ਰਖਿਅਕ ਖ਼ਤਰਾ ਹਨ।
ਗੁਜਰਾਤ ਤੋਂ 200 ਗਿਰ ਗਊਆਂ ਲਿਆਉਣ ਦੀ ਯੋਜਨਾ 'ਤੇ ਕੇਰਲਾ ਨੇ ਫ਼ਿਲਹਾਲ ਰੋਕ ਲਾ ਦਿਤੀ ਹੈ ਕਿਉਂਕਿ ਅਖੌਤੀ ਗਊਰਖਿਅਕਾਂ ਦੀ ਕਥਿਤ ਮੌਜੂਦਗੀ ਕਾਰਨ ਸੜਕ ਰਾਹੀਂ ਸਫ਼ਰ ਕਰਨ ਮੁਸ਼ਕਲ ਭਰਿਆ ਹੋ ਸਕਦਾ ਹੈ। ਸੂਬੇ ਦੇ ਵਣ ਅਤੇ ਪਸ਼ੂਪਾਲਣ ਮੰਤਰੀ ਕੇ. ਰਾਜੂ ਨੇ ਕਿਹਾ ਕਿ ਕੇਰਲਾ ਨੇ ਦੁਧ ਉਤਪਾਦਨ ਵਧਾਉਣ ਲਈ ਗਿਰ ਨਸਲ ਦੀਆਂ ਦੁਧਾਰੂ ਗਊਆਂ ਖ਼ਰੀਦਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਗੁਜਰਾਤ, ਸਗੋਂ ਹੋਰ ਰਾਜਾਂ ਤੋਂ ਵੀ ਗਊਆਂ ਖ਼ਰੀਦਣ ਦੀ ਯੋਜਨਾ ਗਊ ਰਖਿਆ ਦੇ ਨਾਮ 'ਤੇ ਭੀੜ ਦੇ ਸੰਭਾਵੀ ਖ਼ਤਰੇ ਕਾਰਨ ਪ੍ਰਭਾਵਤ ਹੋਈ ਹੈ। ਰਾਜੂ ਨੇ ਕਿਹਾ ਕਿ ਇਹ ਯੋਜਨਾ ਤਿਆਗੀ ਨਹੀਂ ਗਈ, ਇਸ 'ਤੇ ਫ਼ਿਲਹਾਲ ਰੋਕ ਲਾ ਦਿਤੀ ਗਈ ਹੈ। ਇਸ ਯੋਜਨਾ ਨੂੰ ਲਾਗੂ ਕਰਨ ਲਈ ਵਿਚਾਰ ਹੋ ਰਹੀ ਹੈ। (ਏਜੰਸੀ)