ਗਊ ਰਖਿਅਕਾਂ ਨੂੰ ਹਿੰਸਕ ਘਟਨਾਵਾਂ ਨਾਲ ਜੋੜਨਾ ਠੀਕ ਨਹੀਂ : ਮੋਹਨ ਭਾਗਵਤ

ਖ਼ਬਰਾਂ, ਰਾਸ਼ਟਰੀ

ਨਾਗਪੁਰ, 30 ਸਤੰਬਰ : ਸੰਘ ਮੁਖੀ ਮੋਹਨ ਭਾਗਵਤ ਨੇ ਅੱਜ ਸਪੱਸ਼ਟ ਰੂਪ ਵਿਚ ਗਊ ਰਖਿਅਕਾਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਗਊ ਰਖਿਅਕਾਂ ਨੂੰ ਹਿੰਸਕ ਘਟਨਾਵਾਂ ਨਾਲ ਜੋੜਨਾ ਠੀਕ ਨਹੀਂ। ਭਾਗਵਤ ਨੇ ਕਿਹਾ ਕਿ ਗਊ ਰਖਿਅਕਾਂ ਅਤੇ ਗਊ ਪਾਲਕਾਂ ਨੂੰ ਚਿੰਤਿਤ ਹੋਣ ਦੀ ਲੋੜ ਨਹੀਂ। ਚਿੰਤਾਂ ਤਾਂ ਅਪਰਾਧੀਆਂ ਨੂੰ ਹੋਣੀ ਚਾਹੀਦੀ ਹੈ, ਗਊ ਰਖਿਅਕਾਂ ਨੂੰ ਨਹੀਂ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਗਊ ਰਖਿਆ ਦਾ ਪਵਿੱਤਰ ਕਾਰਜ ਚਲਦਾ ਰਹੇਗਾ ਅਤੇ ਵਧੇਗਾ ਅਤੇ ਇਹੀ ਇਨ੍ਹਾਂ ਹਾਲਤਾਂ ਦਾ ਜਵਾਬ ਹੋਵੇਗਾ।
ਉਨ੍ਹਾਂ ਕਿਹਾ ਕਿ ਗਊ ਰਖਿਆ ਨਾਲ ਜੁੜੀਆਂ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਗਊ ਰਖਿਅਕ ਕਾਰਕੁਨਾਂ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ। ਹਾਲ ਹੀ ਵਿਚ ਅਹਿੰਸਕ ਤਰੀਕੇ ਨਾਲ ਗਊ ਰਖਿਆ ਦਾ ਯਤਨ ਕਰਨ ਵਾਲੇ ਕਈ ਕਾਰਕੁਨਾਂ ਦੀ ਹਤਿਆ ਹੋਈ ਹੈ। ਉਸ ਦੀ ਨਾ ਕੋਈ ਚਰਚਾ ਹੈ, ਨਾ ਕੋਈ ਕਾਰਵਾਈ।
ਮੋਹਨ ਭਾਗਵਤ ਨੇ ਕਿਹਾ ਕਿ ਸਾਰੇ ਰਾਜਾਂ ਖ਼ਾਸਕਰ ਬੰਗਲਾਦੇਸ਼ ਦੀ ਸਰਹੱਦ ਤੋਂ ਗਊਆਂ ਦੀ ਤਸਕਰੀ ਚਿੰਤਾ ਦਾ ਮਾਮਲਾ ਹੈ। ਭਾਗਵਤ ਨੇ ਕਿਹਾ ਕਿ ਗਊ ਰਖਿਆ ਦੇ ਵਿਰੋਧ ਵਿਚ ਹੋਣ ਵਾਲਾ ਕੂੜ ਪ੍ਰਚਾਰ ਵੱਖ ਵੱਖ ਫ਼ਿਰਕਿਆਂ ਦੇ ਲੋਕਾਂ ਦੇ ਮਨਾਂ ਅੰਦਰ ਤਣਾਅ ਪੈਦਾ ਕਰਦਾ ਹੈ। ਭਾਗਵਤ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਕੁੱਝ ਲੋਕਾਂ ਦੀ ਗਊ ਰਖਿਅਕਾਂ ਦੁਆਰਾ ਕਥਿਤ ਰੂਪ ਵਿਚ ਹਤਿਆ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਗਊ ਰਖਿਆ ਦਾ ਮੁੱਦਾ ਧਰਮ ਤੋਂ ਪਰੇ ਹੈ। ਕਈ ਮੁਸਲਮਾਨਾਂ ਨੇ ਬਜਰੰਗ ਦਲ ਦੇ ਲੋਕਾਂ ਵਾਂਗ ਹੀ ਗਊ ਰਖਿਅਕਾਂ ਲਈ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। (ਏਜੰਸੀ)