ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪੰਜਾਬ ਦੀ ਕਿਸਾਨੀ ਨੂੰ ਕੀਤਾ ਕੰਗਾਲ

ਖ਼ਬਰਾਂ, ਰਾਸ਼ਟਰੀ



ਤਲਵੰਡੀ ਸਾਬੋ, 25 ਸਤੰਬਰ (ਜਸਵੀਰ ਸਿੱਧੁ) : ਸਰਕਾਰੀ ਅੰਕੜਿਆਂ ਮੁਤਾਬਕ ਹਰ ਰੋਜ਼ ਚਾਰ ਕਿਸਾਨ ਪੰਜਾਬ ਅੰਦਰ ਖੁਦਕੁਸ਼ੀਆਂ ਦੀ ਭੇਟ ਚੜ੍ਹ ਰਹੇ ਹਨ। ਭਾਵੇਂ ਕਿ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨ ਵੱਖੋ-ਵਖਰੇ ਹੋ ਸਕਦੇ ਹਨ ਜਾਂ ਹਨ ਵੀ। ਪ੍ਰੰਤੂ ਜਿਥੇ ਘਟੀਆ ਕਿਸਮ ਦੀਆਂ ਕੀਟਨਾਸ਼ਕ ਦਵਾਈਆਂ ਅਤੇ ਅਪਣੀਆਂ ਜ਼ਰੂਰੀ ਅਤੇ ਗ਼ੈਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਲਏ ਚੁੱਕੇ ਗਏ ਕਰਜ਼ੇ ਦੀ ਪੰਡ ਦਾ ਬੋਝ ਵੀ ਖੁਦਕੁਸ਼ੀਆਂ ਦਾ ਕਾਰਨ ਬਣਦੇ ਹਨ, ਉਥੇ ਸੱਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਘੱਟ ਖਰਚੇ 'ਤੇ ਚੰਗੀ ਉਪਜ ਦੇਣ ਦੇ ਨਾਂ 'ਤੇ ਪੈਕਿਟਾਂ 'ਚ ਬੰਦ ਕੀਤੇ ਗ਼ੈਰ ਮਾਨਤਾ ਪ੍ਰਾਪਤ ਬੀਜ ਵੀ ਹਨ।
ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਕੀਤੇ ਸਰਵੇਖਣ ਮੁਤਾਬਕ ਪਤਾ ਲਗਿਆ ਹੈ ਕਿ ਜਿਥੇ ਬਿਨਾਂ ਗਰੰਟੀ, ਬਿਨਾਂ ਬਿੱਲ ਵਾਲਾ ਨਰਮਾ ਖਰੀਦਣਾ ਕਿਸਾਨਾਂ ਦੀ ਵੱਡੀ ਅਣਗਹਿਲੀ ਹੈ, ਉਥੇ ਬਹੁਤ ਵੱਡੀ ਗਲਤੀ ਵੀ ਕਹੀ ਜਾ ਸਕਦੀ ਹੈ। ਵੇਖਣ ਵਿਚ ਆਇਆ ਹੈ ਕਿ ਗੁਜਰਾਤ ਵਿਚ ਰੇਲਾਂ ਭਰ ਕੇ ਜਾਂਦੇ ਕਿਸਾਨਾਂ ਨੂੰ ਬੜੀਆਂ ਲੁਭਾਵਣੀਆਂ ਅਤੇ ਮਿੱਠੀਆਂ ਗੱਲਾਂ, ਵੀ ਆਈ ਪੀ ਕਿਸਮ ਦੀ ਆਊ-ਭਗਤ ਅਤੇ ਕਈ ਕਿਸਮ ਦੇ ਤੋਹਫ਼ੇ ਦੇ ਕੇ ਇਹ ਵੀ ਭੁਲਾ ਦਿਤਾ ਜਾਂਦਾ ਹੈ ਕਿ ਬੀਜ ਦੀ ਖਰੀਦ ਦਾ ਬਿੱਲ ਲੈਣਾ ਕਿੰਨਾ ਜ਼ਰੂਰੀ ਹੁੰਦਾ ਹੈ।
ਇਸ ਸਬੰਧੀ ਇਕ ਅਗਾਂਹ ਵਧੂ ਕਿਸਾਨ ਅਤੇ ਮਾਲਵਾ ਵੈਲਫ਼ੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤੀ ਬੀਜ ਕੰਪਨੀਆਂ ਦੇ ਦਲਾਲ ਗੁਮਰਾਹ ਕਰ ਕੇ ਗੁਜਰਾਤ ਲੈ ਜਾਂਦੇ ਹਨ ਅਤੇ ਉਥੇ 100 ਜਾਂ 200 ਰੁਪਏ ਸਸਤੇ ਬੀਜਾਂ ਦੇ ਭੁਲੇਖੇ ਨਕਲੀ ਬੀਜ ਵੱਧ ਝਾੜ ਦੇਣ ਦੇ ਲਾਲਚ ਵੱਸ 500 ਤੋਂ 600 ਰੁਪਏ ਪੈਕੇਟ ਦੇ ਹਿਸਾਬ ਨਾਲ ਕਿਸਾਨ ਬੀਜਾਂ ਦੀਆਂ ਗੱਡੀਆਂ ਭਰ ਲਿਆਉਂਦੇ ਹਨ ਜਿਸ ਕਾਰਨ ਕਿਸਾਨ ਦੀ ਆਰਥਕ ਲੁੱਟ ਕਰ ਕੇ ਉਕਤ ਗ਼ੈਰ ਕਾਨੂੰਨੀ ਧੰਦਾ ਕਰਦੀਆਂ ਕੰਪਨੀਆਂ ਅਪਣੇ ਢਿੱਡ ਭਰ ਰਹੀਆਂ ਅਤੇ ਇਧਰ ਜਦੋਂ ਦੋ ਨੰਬਰ ਦਾ ਨਰਮਾ ਬੀਜ ਕੇ ਉਸ 'ਤੇ ਲੱਖਾਂ ਦਾ ਖਰਚ ਕਰ ਕੇ ਵੀ ਕਿਸਾਨ ਦੇ ਪੱਲੇ ਕੱਖ ਨਹੀਂ ਪੈਂਦਾ ਤਾਂ ਕਿਸਾਨ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਾ ਹੋਇਆ ਖ਼ੁਦਕੁਸ਼ੀ ਕਰ ਬੈਠਦਾ ਹੈ।
ਪਿੰਡ ਲੇਲੇਵਾਲਾ ਦੇ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਗੁਜਰਾਤੀ ਬੀਜ ਲੈ ਕੇ ਆਏ ਸਨ। ਜਿਨ੍ਹਾਂ ਨੇ ਦੋ ਏਕੜ ਦਾ ਬੀਜ ਉਨ੍ਹਾਂ ਨੂੰ ਇਹ ਕਹਿ ਕੇ ਬੀਜਣ ਦੀ

ਸਿਫਾਰਿਸ਼ ਕੀਤੀ ਕਿ ਇਸ ਵਾਰ ਉਨ੍ਹਾਂ ਨੇ ਸਾਰੇ ਪਿੰਡ 'ਚ ਇਹੀ ਬੀਜ ਲਿਆ ਕੇ ਬੀਜਿਆ ਹੈ ਤੁਸੀਂ ਵੀ ਬੀਜ ਕੇ ਦੇਖ ਲਵੋ। ਜਗਜੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਉਕਤ ਬੀਜ ਬੀਜਿਆ ਪ੍ਰੰਤੂ ਕੁੱਝ ਹੀ ਸਮੇਂ ਬਾਅਦ ਜਦੋਂ ਨਰਮਾ ਖ਼ਰਾਬ ਹੋ ਗਿਆ ਤਾਂ ਕੋਈ ਹੋਰ ਮਾਨਤਾ ਪ੍ਰਾਪਤ ਬੀਜ ਬੀਜਣਾ ਪਿਆ।
ਉਧਰ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵਲੋਂ ਗੁਜਰਾਤ ਵਾਲੇ ਨਕਲੀ ਬੀਜ਼ਾਂ ਦੇ ਜਾਲ 'ਚੋਂ ਕੱਢਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮਹਿਕਮੇ ਨਾਲ ਮਿਲ ਕੇ ਲਗਾਏ ਜਾ ਰਹੇ ਕੈਂਪਾਂ ਦੌਰਾਨ ਕਲੱਬ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਮਹਿਕਮੇ ਦੀ ਸਿਫਾਰਸ਼ ਅਨੁਸਾਰ ਬੀਜ ਖਰੀਦਣ ਅਤੇ ਨਕਲੀ ਗੁਜਰਾਤੀ ਬੀਜਾਂ ਦੇ ਉਲਝੇਵੇਂ ਵਿਚ ਨਾ ਫਸਣ।
ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਬਲੌਰ ਸਿੰਘ ਏ ਈ ਓ ਤਲਵੰਡੀ ਸਾਬੋ ਨੇ ਭਾਵੇਂ ਇਹ ਗੱਲ ਵੀ ਮੰਨੀ ਕਿ ਮਹਿਕਮੇ ਕੋਲ ਸਟਾਫ਼ ਦੀ ਕਮੀ ਹੋਣ ਕਾਰਨ ਕਿਸਾਨਾਂ ਨੂੰ ਪੂਰਨ ਤੌਰ 'ਤੇ ਜਾਗਰੂਕ ਕਰਨ 'ਚ ਕਮੀ ਰਹੀ ਹੈ ਪ੍ਰੰਤੂ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪੰਜਾਬ ਦੀ ਕਿਸਾਨੀ ਨੂੰ ਕੰਗਾਲ ਕਰ ਦਿਤਾ ਹੈ। ਮਾਹਰਾਂ ਅਨੁਸਾਰ ਇਸ ਵਾਰ 95 ਫ਼ੀ ਸਦੀ ਉਨ੍ਹਾਂ ਕਿਸਾਨਾਂ ਦਾ ਨੁਕਸਾਨ ਹਇਆ ਹੈ ਜਿਨ੍ਹਾਂ ਨੇ ਗੁਜਰਾਤ ਤੋਂ ਬੀਜ ਲਿਆਂਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਨਤਾ ਪ੍ਰਾਪਤ ਬੀਜ ਖਰੀਦ ਕੇ ਹੀ ਫ਼ਸਲ ਦੀ ਬਿਜਾਈ ਕੀਤੀ ਜਾਵੇ ਤਾਂ ਕਿ ਖ਼ੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ।