ਗਣਤੰਤਰ ਦਿਵਸ ਰੈਲੀ 'ਤੇ ਪੱਥਰਬਾਜ਼ੀ ਮਗਰੋਂ ਯੂ.ਪੀ. ਦੇ ਜ਼ਿਲ੍ਹੇ 'ਚ ਤਣਾਅ ਪਸਰਿਆ
ਕਾਸਗੰਜ, 27 ਜਨਵਰੀ: ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਗਣਤੰਤਰ ਦਿਵਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਵਲੋਂ ਕੱਢੀ ਗਈ ਮੋਟਰਸਾਈਕਲ ਰੈਲੀ 'ਤੇ ਕਲ ਹੋਈ ਪੱਥਰਬਾਜ਼ੀ ਤੋਂ ਬਾਅਦ ਪੈਦਾ ਤਣਾਅ ਅਜੇ ਵੀ ਬਣਿਆ ਹੋਇਆ ਹੈ ਅਤੇ ਗ਼ੈਰਸਮਾਜਕ ਤੱਤਾਂ ਨੇ ਅੱਜ ਵੀ ਕੁੱਝ ਦੁਕਾਨਾਂ 'ਚ ਤੋੜਭੰਨ ਅਤੇ ਅੱਗਜ਼ਨੀ ਕੀਤੀ।ਵਿਸ਼ਵ ਹਿੰਦੂ ਪਰਿਸ਼ਦ ਅਤੇ ਏ.ਬੀ.ਵੀ.ਪੀ. ਦੇ ਕਾਰਕੁਨਾਂ ਵਲੋਂ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ 'ਤੇ ਕਲ ਪੱਥਰਬਾਜ਼ੀ ਕਰਨ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਹੋਈ ਅੱਗਜ਼ਨੀ ਅਤੇ ਗੋਲੀਬਾਰੀ 'ਚ ਚੰਦਨ ਨਾਂ ਦੇ ਇਕ ਨਾਬਾਲਗ਼ (16) ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਸਾ ਵਾਲੇ ਇਲਾਕੇ 'ਚ ਕਰਫ਼ਿਊ ਲਾ ਦਿਤਾ ਸੀ।ਜ਼ਿਲ੍ਹੇ 'ਚ ਰੈਪਿਡ ਐਕਸ਼ਨ ਫ਼ੋਰਸ ਅਤੇ ਪੀ.ਏ.ਸੀ. ਦੇ ਜਵਾਨਾਂ ਨੇ ਚੌਕਸੀ ਵਧਾ ਦਿਤੀ ਹੈ। ਘਟਨਾ ਨੂੰ ਮੰਦਭਾਗਾ ਦਸਦਿਆਂ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੁੱਝ ਗ਼ੈਰਸਮਾਜਕ ਤੱਤਾਂ ਨੇ ਅੱਜ ਸ਼ਹਿਰ ਦੇ ਬਾਹਰ ਇਕ ਛੋਟੀ ਦੁਕਾਨ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਕੁੱਝ ਦੁਕਾਨਾਂ 'ਚ ਤੋੜਭੰਨ ਵੀ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਕਾਬੂ ਕੀਤੇ। ਕੁੱਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਕਾਨੂੰਨ ਵਿਵਸਥਾ ਕਾਇਮ ਰੱਖਣ ਤੋਂ ਇਲਾਵਾ ਵੱਖੋ-ਵੱਖ ਧਰਮਾਂ ਦੇ ਲੋਕਾਂ 'ਚ ਮਿੱਤਰਤਾ ਕਾਇਮ ਰਖਣਾ ਹੈ।ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋੜੀਂਦੀ ਗਿਣਤੀ 'ਚ ਪੁਲਿਸ ਤੈਨਾਤ ਕੀਤੀ ਗਈ ਹੈ।ਕਾਸਗੰਜ ਦੇ ਪੁਲਿਸ ਸੂਪਰਡੈਂਟ ਸੁਨੀਲ ਕੁਮਾਰ ਸਿੰਘ ਨੇ ਦਸਿਆ ਕਿ ਗ਼ੈਰਸਮਾਜਕ ਤੱਤਾਂ ਨੇ ਘੰਟਾਘਰ ਬਾਜ਼ਾਰ 'ਚ ਜੁੱਤੀਆਂ ਦੀਆਂ ਦੋ ਦੁਕਾਨਾਂ ਨੂੰ ਅੱਗ ਲਾ ਦਿਤੀ। ਅੱਗ ਬੁਝਾਊ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਇਕ ਛੋਟੀ ਦੁਕਾਨ ਨੂੰ ਵੀ ਅੱਗ ਲਾ ਦਿਤੀ ਗਈ ਜਿਸ ਨੂੰ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਊ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ। ਉੱਤਰ ਪ੍ਰਦੇਸ਼ ਪੁਲਿਸ ਨੇ ਦਸਿਆ ਕਿ ਘਟਨਾ ਦੇ ਸਿਲਸਿਲੇ 'ਚ ਘੱਟ ਤੋਂ ਘੱਟ 49 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਕਾਸਗੰਜ 'ਚ ਪਾਬੰਦੀ ਦੇ ਹੁਕਮ ਲਾਗੂ ਹਨ। ਹਾਲਾਂਕਿ ਉਨ੍ਹਾਂ ਕਰਫ਼ਿਊ ਹਟਾਏ ਜਾਣ ਬਾਰੇ ਸਪੱਸ਼ਟ ਨਹੀਂ ਕੀਤਾ।ਪੁਲਿਸ ਨੇ ਦਸਿਆ ਕਿ ਕੁੱਝ ਅਣਪਛਾਤੇ ਗ਼ੈਰਸਮਾਜਕ ਤੱਤਾਂ ਨੇ ਗਣਤੰਤਰ ਦਿਵਸ ਮੌਕੇ ਕੱਢੀ ਮੋਟਰਸਾਈਕਲ ਰੈਲੀ 'ਤੇ ਪੱਥਰਬਾਜ਼ੀ ਕੀਤੀ ਸੀ। ਪੁਲਿਸ ਅਨੁਸਾਰ ਪੱਥਰਬਾਜ਼ੀ ਦੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ ਬਲਕਿ ਇਹ ਸੱਭ ਕੁੱਝ ਅਚਾਨਕ ਹੋਇਆ ਸੀ।
ਗਣਤੰਤਰ ਦਿਵਸ ਰੈਲੀ 'ਤੇ ਪੱਥਰਬਾਜ਼ੀ ਮਗਰੋਂ ਯੂ.ਪੀ. ਦੇ ਜ਼ਿਲ੍ਹੇ 'ਚ ਤਣਾਅ ਪਸਰਿਆਗਣਤੰਤਰ ਦਿਵਸ ਰੈਲੀ 'ਤੇ ਪੱਥਰਬਾਜ਼ੀ ਮਗਰੋਂ ਯੂ.ਪੀ. ਦੇ ਜ਼ਿਲ੍ਹੇ 'ਚ ਤਣਾਅ ਪਸਰਿਆ