ਗਾਂਧੀ ਜਾਤੀਵਾਦੀ ਅਤੇ ਨਸਲੀ ਸਨ : ਅਮਰੀਕੀ ਲੇਖਿਕਾ ਸੁਜਾਤਾ ਗਿਡਲਾ

ਖ਼ਬਰਾਂ, ਰਾਸ਼ਟਰੀ

ਜੈਪੁਰ, 29 ਜਨਵਰੀ: ਭਾਰਤੀ-ਅਮਰੀਕੀ ਲੇਖਿਕਾ ਸੁਜਾਤਾ ਗਿਡਲਾ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ 'ਜਾਤੀਵਾਦੀ ਅਤੇ ਨਸਲੀ' ਸਨ ਜੋ ਜਾਤੀ ਵਿਵਸਥਾ ਨੂੰ ਜ਼ਿੰਦਾ ਰਖਣਾ ਚਾਹੁੰਦੇ ਸਨ ਅਤੇ ਸਿਆਸੀ ਫ਼ਾਇਦੇ ਲਈ ਦਲਿਤਾਂ ਨੂੰ ਉੱਚਾ ਚੁੱਕਣ ਲਈ ਸਿਰਫ਼ ਜ਼ੁਬਾਨੀ ਗੱਲਾਂ ਕਰਦੇ ਸਨ।
ਨਿਊਯਾਰਕ 'ਚ ਰਹਿਣ ਵਾਲੀ ਦਲਿਤ ਲੇਖਿਕਾ ਨੇ ਜੈਪੁਰ ਸਾਹਿਤ ਮੇਲੇ 'ਚ ਕਿਹਾ ਕਿ ਗਾਂਧੀ ਜਾਤੀ ਵਿਵਸਥਾ ਨੂੰ ਸਿਰਫ਼ 'ਸਵਾਰਨਾ' ਚਾਹੁੰਦੇ ਸਨ। ਗਿਡਲਾ ਨੇ ਕਿਹਾ, ''ਕਿਸ ਤਰ੍ਹਾਂ ਕੋਈ ਕਹਿ ਸਕਦਾ ਹੈ ਕਿ ਗਾਂਧੀ ਜਾਤੀ ਵਿਰੋਧੀ ਵਿਅਕਤੀ ਸਨ? ਅਸਲ 'ਚ ਉਹ ਜਾਤੀ ਵਿਵਸਥਾ ਦੀ ਰਾਖੀ ਕਰਨਾ ਚਾਹੁੰਦੇ ਸਨ ਅਤੇ ਇਹੀ ਕਾਰਨ ਹੈ ਕਿ ਅਛੂਤਾਂ ਦੀ ਭਲਾਈ ਲਈ ਉਹ ਸਿਰਫ਼ ਗੱਲਾਂ ਕਰਨ ਤਕ ਸੀਮਤ ਰਹੇ ਕਿਉਂਕਿ ਬ੍ਰਿਟਿਸ਼ ਸਰਕਾਰ 'ਚ ਸਿਆਸੀ ਪ੍ਰਤੀਨਿਧਗੀ ਲਈ ਹਿੰਦੂਆਂ ਨੂੰ ਮੁਸਲਮਾਨਾਂ ਵਿਰੁਧ ਬਹੁਮਤ ਦੀ ਜ਼ਰੂਰਤ ਸੀ।'' ਗਿਡਲਾ ਨੇ ਕਿਹਾ ਕਿ ਇਸੇ ਕਰ ਕੇ ਹਿੰਦੂ ਆਗੂਆਂ ਨੇ ਨਾਲ ਸਦਾ ਜਾਤ ਦੇ ਮੁੱਦੇ ਨੂੰ ਚੁਕਿਆ।ਅਪਣੇ ਤਰਕਾਂ ਨੂੰ ਜਾਇਜ਼ ਠਹਿਰਾਉਣ ਲਈ ਉਨ੍ਹਾਂ ਨੇ ਦਖਣੀ ਅਫ਼ਰੀਕਾ 'ਚ ਸਿਆਸੀ ਆਗੂਆਂ ਦੇ ਘਟਨਾਕ੍ਰਮ ਦੀ ਯਾਦ ਦਿਵਾਈ ਜਿਥੇ ਉਨ੍ਹਾਂ ਕਿਹਾ ਸੀ ਕਿ ਕਾਲੇ ਰੰਗ ਦੇ ਲੋਕ 'ਕਾਫ਼ਿਰ' ਅਤੇ 'ਅਸਫ਼ਲ' ਹਨ।
ਗਿਡਲਾ ਨੇ ਕਿਹਾ, ''ਅਫ਼ਰੀਕਾ 'ਚ ਜਦੋਂ ਲੋਕ ਪਾਸਪੋਰਟ ਸ਼ੁਰੂ ਕਰਨ ਲਈ ਬ੍ਰਿਟਿਸ਼ ਸਰਕਾਰ ਵਿਰੁਧ ਲੜ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਭਾਰਤੀ ਲੋਕ ਮਿਹਨਤੀ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਨਾਲ ਲੈ ਕੇ ਚਲਣਾ ਜ਼ਰੂਰੀ ਨਹੀਂ ਹੋਣਾ ਚਾਹੀਦਾ। ਪਰ ਕਾਲੇ ਲੋਕ ਕਾਫ਼ਿਰ ਅਤੇ ਅਸਫ਼ਲ ਹੁੰਦੇ ਹਨ ਅਤੇ ਉਹ ਆਲਸੀ ਹਨ। ਹਾਂ, ਉਹ ਅਪਣਾ ਪਾਸਪੋਰਟ ਰੱਖ ਸਕਦੇ ਹਨ ਪਰ ਸਾਨੂੰ ਅਜਿਹਾ ਕਿਉਂ ਕਰਨਾ ਚਾਹੀਦੈ?''   ਗਿਡਲਾ ਨੇ ਕਿਹਾ ਕਿ ਗਾਂਧੀ ਅਸਲ 'ਚ ਬਹੁਤ ਜਾਤੀਵਾਦੀ ਅਤੇ ਨਸਲੀ ਸਨ ਅਤੇ ਕੋਈ ਵੀ ਅਛੂਤ ਇਹ ਜਾਣ ਜਾਵੇਗਾ ਕਿ ਗਾਂਧੀ ਦੀ ਅਸਲ ਨੀਤ ਉਥੇ ਕੀ ਸੀ। 

'ਐਂਟ ਅਮੰਗ ਐਲੀਫੈਂਟ : ਐਨ ਅਨਟੱਚੇਬਲ ਫ਼ੈਮਿਲੀ ਐਂਡ ਦ ਮੇਕਿੰਗ ਆਫ਼ ਮਾਡਰਨ ਇੰਡੀਆ' ਦੀ ਲੇਖਿਕਾ 'ਨਰੇਟਿਵਸ ਆਫ਼ ਪਾਵਰ, ਸਾਂਗ ਆਫ਼ ਰੈਜਿਸਟੈਂਸ' ਸੈਸ਼ਨ 'ਚ ਬੋਲ ਰਹੀ ਸੀ। ਗਿਡਲਾ ਨੇ ਮਾਇਆਵਤੀ ਅਤੇ ਜਿਗਨੇਸ਼ ਮੇਵਾਣੀ ਵਰਗੇ ਭਾਰਤੀ ਦਲਿਤ ਆਗੂਆਂ ਉਤੇ ਵੀ ਨਿਸ਼ਾਨਾ ਲਾਇਆ।ਇਸ ਵੇਲੇ ਅਮਰੀਕੀ ਜ਼ਮੀਨਦੋਜ਼ ਰੇਲਗੱਡੀ 'ਚ ਕੰਡਕਟਰ ਦਾ ਕੰਮ ਕਰਨ ਵਾਲੀ ਲੇਖਿਕਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਵਰਗੀ ਪਾਰਟੀ ਦਲਿਤਾਂ ਲਈ ਤੈਅ ਹੱਦ 'ਚ ਹੀ ਕੰਮ ਕਰ ਸਕਦੀ ਹੈ ਜਿਸ ਹੇਠ ਉਨ੍ਹਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਇਆਵਤੀ ਖ਼ੁਦ ਅਮੀਰ ਹੋ ਗਈ, ਉਸ ਦੇ ਭਰਾ ਅਮੀਰ ਹੋ ਗਏ ਪਰ ਦਲਿਤਾਂ ਦਾ ਕੁੱਝ ਨਹੀਂ ਹੋਇਆ। ਗਿਡਲਾ ਨੇ ਮੇਵਾਣੀ ਦੀ 'ਨੇਕਨੀਤੀ' ਦੀ ਤਾਰੀਫ਼ ਕੀਤੀ ਪਰ ਨੌਜੁਆਨ ਦਲਿਤ ਆਗੂ 'ਤੇ ਉਨ੍ਹਾਂ 'ਖੋਖਲੀ ਬਿਆਨਬਾਜ਼ੀ' ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ''ਜਿਗਨੇਸ਼ ਮੇਵਾਣੀ ਅਜੇ ਅਤਿਵਾਦੀ ਲਗਦੇ ਹਨ ਅਤੇ ਊਨਾ ਦੀ ਘਟਨਾ ਵਿਰੁਧ ਉਨ੍ਹਾਂ ਦਾ ਪ੍ਰਦਰਸ਼ਨ ਤਾਰੀਫ਼ ਦੇ ਕਾਬਿਲ ਹੈ ਪਰ ਉਨ੍ਹਾਂ ਚੋਣ ਸਿਆਸਤ ਦੇ ਢਾਂਚੇ ਹੇਠ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਤਹਿਤ ਉਹ ਏਨਾ ਹੀ ਕਰ ਸਕਦੇ ਹਨ।''